ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੇ ਬੁੱਢੇ ਮਾਪੇ, ਦੋ ਦਿਨਾਂ ਬਾਅਦ ਤੋੜਿਆ ਦਮ

08/20/2020 3:12:27 PM

ਨਿਊ ਜਰਸੀ- ਕਹਿੰਦੇ ਨੇ ਕਿ ਧੀਆਂ-ਪੁੱਤਾਂ ਵਿਚ ਮਾਂ-ਬਾਪ ਦੀ ਜਾਨ ਵੱਸਦੀ ਹੈ ਤੇ ਜੇਕਰ ਬੱਚੇ ਨੂੰ ਕੁਝ ਹੋ ਜਾਵੇ ਤਾਂ ਮਾਪਿਆਂ ਦਾ ਜਿਊਣਾ ਔਖਾ ਹੋ ਜਾਂਦਾ। ਬੱਚਾ ਭਾਵੇਂ ਬੁੱਢਾ ਹੋ ਜਾਵੇ ਪਰ ਮਾਂ-ਬਾਪ ਲਈ ਉਹ ਬੱਚਾ ਹੀ ਰਹਿੰਦਾ ਹੈ। ਅਮਰੀਕਾ ਦੇ ਨਿਊ ਜਰਸੀ ਵਿਚ ਇਕ 51 ਸਾਲਾ ਵਿਅਕਤੀ ਜੋਹਨ ਫਰੇਡਾ ਦੀ ਕੋਰੋਨਾ ਵਾਇਰਸ ਕਾਰਨ ਜਾਨ ਚਲੇ ਗਈ ਤੇ ਇਸ ਦੇ ਦੋ ਦਿਨਾਂ ਬਾਅਦ ਹੀ ਉਸ ਦੇ ਬਜ਼ੁਰਗ ਮਾਪਿਆਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਦੀ ਮੌਤ ਵੀ ਕੋਰੋਨਾ ਵਾਇਰਸ ਕਾਰਨ ਹੋਈ ਹੈ। 

ਜਦ ਜੋਹਨ ਦੀ ਮੌਤ ਹੋਈ ਤਾਂ ਇਸ ਦੇ ਇਕ ਮਹੀਨੇ ਬਾਅਦ ਉਸ ਦਾ ਜਨਮਦਿਨ ਆਉਣ ਵਾਲਾ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਸਮਾਂ ਬਹੁਤ ਦੁੱਖ ਵਾਲਾ ਹੈ। ਜੋਹਨ ਦੇ 86 ਸਾਲਾ ਪਿਤਾ ਅਮਰੀਕੀ ਫੌਜ ਵਿਚ 24 ਸਾਲ ਸੇਵਾ ਨਿਭਾਅ ਚੁੱਕੇ ਸਨ ਤੇ 83 ਸਾਲਾ ਮਾਂ ਵਿੱਕੀ ਫੇਅਰਫੀਲਡ ਦੇ ਸਾਬਕਾ ਮੇਅਰ ਰੋਕੋ ਪਾਲੀਮੀਰੀ ਦੀ ਕਾਰਜਕਾਰੀ ਸਕੱਤਰ ਰਹੀ ਸੀ। 

ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦਾ ਨਿਊ ਜਰਸੀ ਸੂਬਾ ਕੋਰੋਨਾ ਵਾਇਰਸ ਦੀ ਬੁਰੀ ਤਰ੍ਹਾਂ ਮਾਰ ਝੱਲ ਰਿਹਾ ਹੈ। ਇੱਥੇ 1,87,155 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ 15,912 ਲੋਕਾਂ ਦੀ ਮੌਤ ਹੋ ਚੁੱਕੀ ਹੈ। 

Lalita Mam

This news is Content Editor Lalita Mam