ਸਿੱਖ ਭਾਈਚਾਰੇ ਲਈ ਲਾਂਘਾ ਨਹੀਂ ਬਲਕਿ ਦਿਲ ਦੇ ਦਰਵਾਜ਼ੇ ਖੋਲ੍ਹ ਰਹੇ ਹਾਂ: ਇਮਰਾਨ ਖਾਨ

11/09/2019 2:55:00 PM

ਕਰਤਾਰਪੁਰ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਤਿਹਾਸਿਕ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣਾ ਖੇਤਰੀ ਸ਼ਾਂਤੀ ਬਣਾਏ ਰੱਖਣ 'ਚ ਪਾਕਿਸਤਾਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਦੇ ਨਾਲ ਉਨ੍ਹਾਂ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ 'ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।

ਕਰਤਾਰਪੁਰ ਲਾਂਘਾ ਭਾਰਤ ਦੇ ਪੰਜਾਬ 'ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਨਾਰੋਵਾਲ ਜ਼ਿਲੇ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨਾਲ ਜੋੜਦਾ ਹੈ। ਇਹ ਲਾਂਘਾ ਸ਼ਨੀਵਾਰ ਨੂੰ ਖੁੱਲ੍ਹ ਗਿਆ ਹੈ, ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧਾਂ 'ਚ ਬਿਹਤਰੀ ਦੀ ਉਮੀਦ ਦੇਣ ਦੇ ਨਾਲ ਲੋਕਾਂ ਦੇ ਵਿਚਾਲੇ ਆਪਸੀ ਸੰਪਰਕ ਦੀ ਇਤਿਹਾਸਿਕ ਪਹਿਲ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਰਾਵੀ ਨਦੀ ਦੇ ਪਾਰ ਸਥਿਤ ਹੈ ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਸਥਿਤ ਹੈ। ਕਰਤਾਰਪੁਰ ਲਾਂਘਾ ਖੁੱਲਣ ਦੌਰਾਨ ਆਪਣੇ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਖੇਤਰ ਦੀ ਖੁਸ਼ਹਾਲੀ ਦਾ ਰਸਤਾ ਤੇ ਆਉਣ ਵਾਲੀਆਂ ਪੀੜੀਆਂ ਦੇ ਰੌਸ਼ਨ ਭਵਿੱਖ ਸ਼ਾਂਤੀ 'ਚ ਹੀ ਮੁਮਕਿਨ ਹਨ। ਸਰਕਾਰੀ ਰੇਡੀਓ ਪਾਕਿਸਤਾਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਅੱਜ ਅਸੀਂ ਸਿਰਫ ਸਰਹੱਦ ਹੀ ਨਹੀਂ ਖੋਲ੍ਹ ਰਹੇ ਬਲਕਿ ਸਿੱਖ ਭਾਈਚਾਰੇ ਲਈ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਰਹੇ ਹਾਂ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਦਿਖਾਈ ਗਈ ਸਦਭਾਵਨਾ ਬਾਬਾ ਗੁਰੂ ਨਾਨਕ ਦੇਵ ਜੀ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੇ ਲਈ ਉਸ ਦੇ ਗਹਿਰੇ ਸਨਮਾਨ ਨੂੰ ਦਰਸਾਉਂਦੀ ਹੈ।
ਏਆਰਵਾਈ ਨਿਊਜ਼ ਦੇ ਮੁਤਾਬਕ ਸਿੱਖ ਸ਼ਰਧਾਲੂਆਂ ਦਾ ਪਹਿਲਾ ਸਮੂਹ ਸਰਹੱਦੀ ਟਰਮਿਨਲ 'ਤੇ ਪਹੁੰਚ ਗਿਆ ਹੈ ਤੇ ਸ਼ਾਂਤੀ ਪੂਰਨ ਤਰੀਕੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਤੋਂ ਲੰਘਿਆ। ਪਾਕਿਸਤਾਨ ਨੇ ਇਮੀਗ੍ਰੇਸ਼ਨ ਦੇ ਲਈ 76 ਕਾਊਂਟਰ ਬਣਾਏ ਹਨ। ਸਿੱਖ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚ ਗਏ ਹਨ। ਉਸ ਨੇ ਦੱਸਿਆ ਕਿ ਪਾਕਿਸਤਾਨ ਨੇ ਸ਼ਨੀਵਾਰ ਤੇ 12 ਨਵੰਬਰ ਨੂੰ 20 ਡਾਲਰ ਦੇ ਸਰਵਿਸ ਚਾਰਜ ਤੇ ਪਾਸਪੋਰਟ ਦੀ ਲੋੜ ਨੂੰ ਰੱਦ ਕਰ ਦਿੱਤਾ ਹੈ। 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਤੋਂ ਪਹਿਲਾਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਲਾਂਘੇ ਨੂੰ ਖੋਲ੍ਹਣ ਦੇ ਮੌਕੇ ਸਰਹੱਦ ਦੇ ਦੋਵਾਂ ਪਾਸੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ।

Baljit Singh

This news is Content Editor Baljit Singh