ਗਰਮੀ ਵਧਣ ਨਾਲ ਖਤਮ ਨਹੀਂ ਹੋਵੇਗਾ ਕੋਰੋਨਾ, ਨਾ ਕਰੋ ਚਮਤਕਾਰ ਦੀ ਉਮੀਦ

04/09/2020 7:41:36 PM

ਵਾਸ਼ਿੰਗਟਨ- ਅਮਰੀਕੀ ਵਿਗਿਆਨੀਆਂ ਦੇ ਇਕ ਮਾਹਰ ਪੈਨਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਗਲਤ ਦੱਸਿਆ ਹੈ, ਜਿਸ ਵਿਚ ਉਹਨਾਂ ਦਾਅਵਾ ਕੀਤਾ ਸੀ ਕਿ ਗਰਮੀਆਂ ਆਉਣ 'ਤੇ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਵਿਗਿਆਨੀਆਂ ਨੇ ਬੁੱਧਵਾਰ ਨੂੰ ਵਾਈਟ ਹਾਊਸ ਨੂੰ ਇਕ ਰਿਪੋਰਟ ਸੌਂਪੀ, ਜਿਸ ਦੇ ਮੁਤਾਬਕ ਗਰਮੀਆਂ ਦਾ ਇਸ ਵਾਇਰਸ 'ਤੇ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜਿਹੇ ਕਿਸੇ ਚਮਤਕਾਰ ਦੀ ਉਮੀਦ ਨਾ ਕੀਤੀ ਜਾਵੇ ਤਾਂ ਬਿਹਤਰ ਹੈ।

ਸੀ.ਐਨ.ਐਨ. ਦੀ ਇਕ ਰਿਪੋਰਟ ਮੁਤਾਬਕ ਨੈਸ਼ਨਲ ਅਕੈਡਮੀ ਆਫ ਸਾਈਂਸ ਨੇ ਵਾਈਟ ਹਾਊਸ ਨੂੰ ਇਕ ਪੱਤਰ ਲਿਖ ਕੇ ਦੱਸਿਆ ਕਿ ਅਜੇ ਤੱਕ ਦੁਨੀਆ ਭਰ ਦੇ ਦੇਸ਼ਾਂ ਤੋਂ ਮਿਲੇ ਡਾਟਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵਾਇਰਸ ਉਨੀਂ ਹੀ ਆਸਾਨੀ ਨਾਲ ਗਰਮ ਦੇਸ਼ਾਂ ਵਿਚ ਵੀ ਫੈਲ ਰਿਹਾ ਹੈ, ਜਿੰਨੀ ਆਸਾਨੀ ਨਾਲ ਇਹ ਯੂਰਪ ਜਿਹੇ ਠੰਡੇ ਦੇਸ਼ਾਂ ਵਿਚ ਫੈਲਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਂਝ ਵੀ ਮੌਸਮ ਨਾਲ ਕਿਸੇ ਵਿਅਕਤੀ ਦੇ ਇਨਫੈਕਟਡ ਹੋਣ 'ਤੇ ਬਹੁਤਾ ਅਸਰ ਨਹੀਂ ਪੈਂਦਾ ਕਿਉਂਕਿ ਦੁਨੀਆ ਵਿਚ ਬਹੁਤ ਘੱਟ ਲੋਕ ਇਸ ਦੇ ਪ੍ਰਤੀ ਇਮਿਊਨ ਹਨ।

ਗਰਮੀਆਂ ਵਿਚ ਇਸ ਦੇ ਘੱਟ ਹੋਣ ਦਾ ਕੋਈ ਸਬੂਤ ਨਹੀਂ
ਵਿਗਿਆਨੀਆਂ ਦੇ ਪੈਨਲ ਮੁਤਾਬਕ ਇਹ ਤਾਂ ਸਹੀ ਹੈ ਕਿ ਗਰਮੀਆਂ ਵਿਚ ਇਸ ਵਾਇਰਸ ਦੇ ਫੈਲਣ ਦੀ ਸਮਰਥਾ ਸਰਦੀਆਂ ਜਿਹੀ ਨਹੀਂ ਰਹੇਗੀ ਪਰ ਇਸ ਤੱਥ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨਾ ਤਾਂ ਹੁਣ ਤੱਕ ਸਾਡੇ ਕੋਲ ਇਸ ਦੀ ਕੋਈ ਦਵਾਈ ਹੈ ਤੇ ਨਾਲ ਹੀ ਵਧੇਰੇ ਲੋਕਾਂ ਦੇ ਸਰੀਰ ਦੀ ਪ੍ਰਤੀਰੋਧਕ ਸਮਰਥਾ ਇਸ ਨਾਲ ਲੜਨ ਵਿਚ ਸਮਰਥ ਹੈ। ਇਸੇ ਦੇ ਚੱਲਦੇ ਇਹ ਗਰਮੀਆਂ ਵਿਚ ਵੀ ਉਸੇ ਰਫਤਾਰ ਨਾਲ ਫੈਲ ਸਕਦਾ ਹੈ, ਜਿਵੇਂ ਹੁਣ ਫੈਲ ਰਿਹਾ ਹੈ। ਚੀਨ ਦੀ ਉਦਾਹਰਣ ਦੇ ਕੇ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਇਸ ਦੇਸ਼ ਵਿਚ ਕਈ ਅਜਿਹੇ ਇਲਾਕਿਆਂ ਵਿਚ ਵਾਇਰਸ ਫੈਲਿਆ ਹੈ, ਜਿਥੇ ਤਾਪਮਾਨ ਆਮ ਤੋਂ ਵਧੇਰੇ ਸੀ ਤੇ ਹੁੰਮਸ ਵੀ ਵਧੇਰੇ ਸੀ।

ਟਰੰਪ ਨੇ ਕੀਤਾ ਸੀ ਦਾਅਵਾ
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਦੀ ਇਕ ਪ੍ਰੈੱਸ ਕਾਨਫਰੰਸ ਵਿਚ ਇਹ ਦਾਅਵਾ ਕੀਤਾ ਸੀ ਕਿ ਗਰਮੀਆਂ ਆਉਣ 'ਤੇ ਕੋਰੋਨਾਵਾਇਰਸ ਤੋਂ ਰਾਹਤ ਮਿਲ ਜਾਵੇਗੀ। ਟਰੰਪ ਨੇ 10 ਫਰਵਰੀ ਨੂੰ ਪਹਿਲੀ ਵਾਰ ਇਹ ਦਾਅਵਾ ਕੀਤਾ ਸੀ ਕਿ ਗਰਮੀ ਵਧਣ ਦੇ ਨਾਲ ਅਪ੍ਰੈਲ ਮਹੀਨੇ ਕੋਰੋਨਾਵਾਇਰਸ ਦਾ ਖਾਤਮਾ ਹੋ ਜਾਵੇਗਾ। ਇਸ ਤੋਂ ਬਾਅਦ ਕਈ ਚੋਣ ਰੈਲੀਆਂ ਵਿਚ ਵੀ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਗਰਮੀਆਂ ਸਭ ਠੀਕ ਕਰ ਦੇਣਗੀਆਂ। ਟਰੰਪ ਦੇ ਨਿੰਦਕਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਇਸੇ ਵਿਵਹਾਰ ਕਾਰਨ ਨਿਊਯਾਰਕ ਕਬਰਿਸਤਾਨ ਵਿਚ ਤਬਦੀਲ ਹੋ ਗਿਆ ਹੈ।

Baljit Singh

This news is Content Editor Baljit Singh