USA 'ਚ ਕੋਰੋਨਾ ਕਾਰਨ ਦੋ ਮੌਤਾਂ, ਨਿਊਯਾਰਕ 'ਚ ਇਕ ਔਰਤ ਇਨਫੈਕਟਡ

03/02/2020 9:09:59 AM

ਵਾਸ਼ਿੰਗਟਨ— ਨਿਊਯਾਰਕ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਉੱਥੇ ਹੀ, ਅਮਰੀਕਾ 'ਚ ਕੋਰੋਨਾ ਕਾਰਨ ਦੂਜੀ ਮੌਤ ਹੋਣ ਦੀ ਖਬਰ ਹੈ।

ਵਾਸ਼ਿੰਗਟਨ 'ਚ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਕਾਰਨ ਸੰਯੁਕਤ ਰਾਜ 'ਚ ਦੂਜੀ ਮੌਤ ਦੀ ਪੁਸ਼ਟੀ ਕੀਤੀ ਹੈ। 'ਸੀਏਟਲ ਤੇ ਕਿੰਗ ਕਾਉਂਟੀ' ਦੇ ਜਨਤਕ ਸਿਹਤ ਵਿਭਾਗ ਅਨੁਸਾਰ ਮਰੀਜ਼ 70 ਸਾਲ ਦਾ ਇਕ ਆਦਮੀ ਸੀ, ਜਿਸ ਨੂੰ ਵਾਸ਼ਿੰਗਟਨ ਦੇ 'ਐਵਰਗ੍ਰੀਨ ਹੈਲਥ' ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।


ਉੱਥੇ ਹੀ, ਨਿਊਯਾਰਕ ਦੇ ਗਵਰਨਰ ਐਂਡਰੂ ਕੁਓਮੋ ਨੇ ਇਕ ਬਿਆਨ ਕਿਹਾ ਕਿ ਐਤਵਾਰ ਸ਼ਾਮ ਨੂੰ ਨਿਊਯਾਰਕ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਇਕ 30 ਸਾਲਾ ਔਰਤ ਹੈ ਜੋ ਹਾਲ ਹੀ 'ਚ ਈਰਾਨ ਦੀ ਯਾਤਰਾ 'ਤੇ ਗਈ ਸੀ। ਫਿਲਹਾਲ ਉਸ ਨੂੰ ਘਰ 'ਚ ਵੱਖਰਾ ਰੱਖਿਆ ਗਿਆ ਹੈ। ਮਰੀਜ਼ ਨੂੰ ਸਾਹ ਲੈਣ 'ਚ ਤਕਲੀਫ ਹੈ ਪਰ ਨਿਊਯਾਰਕ ਆਉਣ ਤੋਂ ਬਾਅਦ ਉਸ ਦੀ ਸਿਹਤ ਠੀਕ ਹੈ ਅਤੇ ਸਥਿਤੀ ਗੰਭੀਰ ਨਹੀਂ ਹੈ।
ਅਮਰੀਕਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੇ 15 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 7 ਹੋਰਾਂ ਦੀ ਜਾਂਚ ਰਿਪੋਰਟ ਪੋਜ਼ੀਟਿਵ ਆਉਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਜਾਪਾਨ ਦੇ ਯੋਕੋਹਾਮਾ 'ਚ ਖੜ੍ਹੇ ਡਾਇਮੰਡ ਪ੍ਰਿਸਜ਼ ਜਹਾਜ਼ ਤੋਂ ਆਏ 47 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ 85,000 ਲੋਕ ਪ੍ਰਭਾਵਿਤ ਹੋਏ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਆਪਣੇ ਸ਼ਹਿਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਅਤੇ ਇਟਲੀ ਦੇ ਕੁਝ ਹਿੱਸਿਆਂ ’ਚ ਨਾ ਜਾਣ। ਇਟਲੀ 'ਚ ਲੋਂਬਾਰਡੀ, ਵੇਨੇਟੋ ਤੇ ਐਮਿਲਿਆ ਰੋਮਾਗਨਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਯੂ. ਐੱਸ. ਏਅਰਲਾਈਨਾਂ ਨੇ 25 ਅਪ੍ਰੈਲ ਤੱਕ ਲਈ ਮਿਲਾਨ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮਿਲਾਨ ਇਟਲੀ ਦੇ ਲੋਂਬਾਰਡੀ ਖੇਤਰ 'ਚ ਹੈ।