ਪਾਕਿਸਤਾਨ ''ਚ ਮਿਲੇ ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼

01/27/2020 2:59:21 PM

ਇਸਲਾਮਾਬਾਦ— ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਐਕਸਪ੍ਰੈੱਸ ਟ੍ਰਿਬਿਊਨ ਅਖਬਾਰ ਨੇ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਖਬਰ ਦਿੱਤੀ ਕਿ ਮੁਲਤਾਨ 'ਚੋਂ ਦੋ ਨਮੂਨਿਆਂ ਨੂੰ ਪੁਸ਼ਟੀ ਲਈ ਹਾਂਗਕਾਂਗ ਭੇਜਿਆ ਗਿਆ ਹੈ ਕਿਉਂਕਿ ਪਾਕਿਸਤਾਨ ਦੀ ਇਕ ਵੀ ਪ੍ਰਯੋਗਸ਼ਾਲਾ ਇਸ ਬੀਮਾਰੀ ਦਾ ਪਤਾ ਲਗਾਉਣ 'ਚ ਸਮਰੱਥ ਨਹੀਂ ਹੈ। ਖਬਰ 'ਚ ਦੱਸਿਆ ਗਿਆ ਹੈ ਕਿ ਮੁਲਤਾਨ ਦੇ ਦੋ ਮਰੀਜ਼ਾਂ 'ਚੋਂ ਇਕ ਪਾਕਿਸਤਾਨੀ ਨਾਗਰਿਕ ਹੈ। ਸ਼ਨੀਵਾਰ ਨੂੰ ਰਾਸ਼ਟਰੀ ਸਿਹਤ ਸੰਸਥਾ ਦੇ ਮੁਖੀ ਮੇਜਰ ਜਨਰਲ ਡਾ. ਆਮਿਰ ਇਕਰਮ ਨੇ ਕਿਹਾ ਸੀ ਕਿ ਇਕ ਚੀਨੀ ਨਾਗਰਿਕ ਨੂੰ ਮੁਲਤਾਨ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਫਲੂ , ਖੰਘ ਅਤੇ ਬੁਖਾਰ ਵਰਗੀ ਬੀਮਾਰੀ ਦੇ ਹੋਰ ਲੱਛਣ ਨਜ਼ਰ ਆਉਣ ਮਗਰੋਂ ਉਸ ਨੂੰ ਇਕ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ। ਖਬਰ 'ਚ ਕਿਹਾ ਗਿਆ ਹੈ ਕਿ ਜਾਂਚ ਨਤੀਜੇ ਕੁੱਝ ਦਿਨਾਂ ਤਕ ਆਉਣ ਦੀ ਉਮੀਦ ਹੈ।

ਸੂਤਰਾਂ ਮੁਤਾਬਕ ਚੀਨੀ ਨਾਗਰਿਕ ਚੀਨ ਤੋਂ ਦੁਬਈ ਗਿਆ ਸੀ ਤੇ 21 ਜਨਵਰੀ ਨੂੰ ਕਰਾਚੀ ਪੁੱਜਾ ਸੀ। ਕਰਾਚੀ ਉਤਰਨ ਤੋਂ ਬਾਅਦ ਉਹ ਜਹਾਜ਼ ਰਾਹੀਂ ਮੁਲਤਾਨ ਗਿਆ ਸੀ। ਲਾਹੌਰ 'ਚ ਵੀ ਚੀਨ ਦੇ ਤਿੰਨ ਨਾਗਰਿਕਾਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਵੱਖਰੇ-ਵੱਖਰੇ ਵਾਰਡ 'ਚ ਰੱਖਿਆ ਗਿਆ। ਹਸਪਤਾਲ ਦੇ ਸੂਤਰਾਂ ਮੁਤਾਬਕ ਇਹ ਮਰੀਜ਼ ਚੀਨ ਦੇ ਵੂਹਾਨ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਹਾਲ ਹੀ 'ਚ ਲਾਹੌਰ ਪੁੱਜੇ ਹਨ। ਇਸ ਵਿਚਕਾਰ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਵੂਹਾਨ ਅਤੇ ਚੀਨ ਦੇ ਹੋਰ ਹਿੱਸਿਆਂ 'ਚ ਸਾਰੇ ਪਾਕਿਸਤਾਨੀ ਸੁਰੱਖਿਅਤ ਹਨ।
ਜ਼ਿਕਰਯੋਗ ਹੈ ਕਿ ਚੀਨ ਤੋਂ ਹਰ ਹਫਤੇ 41 ਜਹਾਜ਼ ਪਾਕਿਸਤਾਨ ਆਉਂਦੇ ਹਨ ਜੋ ਜ਼ਿਆਦਾਤਰ ਚੀਨੀ ਨਾਗਰਿਕਾਂ ਨੂੰ ਲਿਆਉਂਦੇ ਤੇ ਲੈ ਜਾਂਦੇ ਹਨ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਤਹਿਤ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਯੋਜਨਾਵਾਂ 'ਤੇ ਕੰਮ ਕਰ ਰਹੇ ਹਜ਼ਾਰਾਂ ਚੀਨੀ ਨਾਗਰਿਕ ਨਿਯਮਿਤ ਤੌਰ 'ਤੇ ਦੋਹਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ, ਜਿਸ ਕਾਰਨ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਵਧ ਰਿਹਾ ਹੈ। ਨਿਮੋਨੀਆ ਵਰਗੇ ਇਸ ਵਾਇਰਸ ਕਾਰਨ ਚੀਨ 'ਚ 80 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 2700 ਤੋਂ ਵਧੇਰੇ ਲੋਕ ਪੀੜਤ ਹਨ।