ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਫੈਲ ਚੁੱਕਾ ਹੁੰਦਾ ਹੈ ਕੋਰੋਨਾ ਵਾਇਰਸ : ਮਾਹਿਰ

03/14/2020 3:34:24 PM

ਹਿਊਸਟਨ— ਚੀਨ ਦੇ ਵੂਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਮਹਾਮਾਰੀ ਦਾ ਰੂਪ ਲੈ ਲਿਆ ਹੈ। ਦੁਨੀਆ ਭਰ 'ਚ 1,45,634 ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਸਵੇਰ ਤਕ ਕੁੱਲ 5,436 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਨਾਵੇਲ ਕੋਰੋਨਾ ਵਾਇਰਸ ਦਾ ਅਧਿਐਨ ਕਰ ਰਹੇ ਸੋਧਕਾਰਾਂ ਨੂੰ ਪਤਾ ਲੱਗਾ ਹੈ ਕਿ ਇਕ ਵਿਅਕਤੀ ਤੋਂ ਦੂਜੇ 'ਚ ਕੋਰੋਨਾ ਵਾਇਰਸ ਫੈਲਣ 'ਚ ਲਗਭਗ ਇਕ ਹਫਤੇ ਦਾ ਸਮਾਂ ਲੱਗਦਾ ਹੈ। ਮਾਹਿਰਾਂ ਨੇ ਦੱਸਿਆ ਕਿ ਤਕਰੀਬਨ 10 ਫੀਸਦੀ ਮਰੀਜ਼ਾਂ 'ਚ ਇਹ ਵਾਇਰਸ ਉਦੋਂ ਫੈਲਿਆ ਜਦੋਂ ਇਸ ਨਾਲ ਪ੍ਰਭਾਵਿਤ ਵਿਅਕਤੀਆਂ 'ਚ ਅਜੇ ਲੱਛਣ ਵੀ ਨਜ਼ਰ ਆਉਣੇ ਸ਼ੁਰੂ ਨਹੀਂ ਹੋਏ। ਇਹ ਅਜਿਹੀ ਖੋਜ ਹੈ ਜੋ ਇਸ ਮਹਾਮਾਰੀ ਨੂੰ ਰੋਕਣ 'ਚ ਜਨ ਸਿਹਤ ਅਧਿਕਾਰੀਆਂ ਦੀ ਮਦਦ ਕਰ ਸਕਦੀ ਹੈ।

ਕੋਰੋਨਾ ਫੈਲਣ 'ਚ ਲੱਗਿਆ ਸੀ 4 ਦਿਨਾਂ ਦਾ ਸਮਾਂ—
ਖੋਜਕਾਰ ਇਹ ਜਾਂਚ ਕਰ ਰਹੇ ਹਨ ਕਿ ਇਕ ਵਿਅਕਤੀ ਤੋਂ ਦੂਜੇ 'ਚ ਇਹ ਵਾਇਰਸ ਕਿੰਨੀ ਕੁ ਤੇਜ਼ੀ ਨਾਲ ਫੈਲ ਰਿਹਾ ਹੈ। 'ਯੂਨੀਵਰਸਿਟੀ ਆਫ ਟੈਕਸਾਸ' ਸਣੇ ਹੋਰ ਯੂਨੀਵਰਸਿਟੀਆਂ ਦੇ ਸੋਧਕਾਰਾਂ ਮੁਤਾਬਕ ਚੀਨ 'ਚ ਇਕ ਵਿਅਕਤੀ ਤੋਂ ਦੂਜੇ 'ਚ ਕੋਰੋਨਾ ਵਾਇਰਸ ਫੈਲਣ 'ਚ ਔਸਤਨ ਚਾਰ ਦਿਨ ਦਾ ਸਮਾਂ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਮਾਰੀ ਫੈਲਣ ਦੀ ਸਪੀਡ ਦੋ ਗੱਲਾਂ 'ਤੇ ਨਿਰਭਰ ਕਰਦੀ ਹੈ—ਇਕ ਇਹ ਕਿ ਪੀੜਤ ਵਿਅਕਤੀ ਹੋਰ ਕਿੰਨੇ ਲੋਕਾਂ ਨੂੰ ਬੀਮਾਰ ਕਰਦਾ ਹੈ ਅਤੇ ਦੂਜਾ ਇਹ ਕਿ ਹੋਰ ਵਿਅਕਤੀਆਂ 'ਚ ਇਹ ਕਿੰਨੇ ਕੁ ਸਮੇਂ 'ਚ ਫੈਲਦਾ ਹੈ।



ਇਹ ਹੈ ਵਿਗਿਆਨੀਆਂ ਦਾ ਕਹਿਣਾ—
ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਕੰਮ ਹੈ। ਇਸੇ ਲਈ ਇਸ ਤੋਂ ਬਚਾਅ ਰੱਖਣਾ ਹੀ ਸਭ ਤੋਂ ਜ਼ਰੂਰੀ ਹੈ। ਯੂਨੀਵਰਸਿਟੀ ਆਫ ਟੈਕਸਾਸ ਤੋਂ ਸਹਿ-ਸੋਧਕਾਰ ਲਾਰੇਨ ਐਂਸਲ ਮੇਅਰਜ਼ ਮੁਤਾਬਕ ਡਾਟਾ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਫਲੂ ਦੀ ਤਰ੍ਹਾਂ ਫੈਲ ਸਕਦਾ ਹੈ ਤੇ ਇਸ ਦਾ ਮਤਲਬ ਹੈ ਕਿ ਉੱਭਰਦੇ ਖਤਰੇ ਨਾਲ ਨਜਿੱਠਣ ਲਈ ਸਾਨੂੰ ਜ਼ਿਆਦਾ ਤੇਜ਼ੀ ਨਾਲ ਵਧਣਾ ਪਵੇਗਾ। ਇਹ ਅਧਿਐਨ ਇਮੇਜਿੰਗ ਇੰਫੈਕਸ਼ਨ ਡਿਜ਼ੀਸਸ ਰਸਾਲੇ 'ਚ ਪ੍ਰਕਾਸ਼ਿਤ ਹੋਇਆ ਹੈ।
ਬਚਣ ਲਈ ਕਰੋ ਇਹ ਉਪਾਅ—

ਕੋਰੋਨਾ ਤੋਂ ਆਪਣੇ-ਆਪ ਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਤੁਸੀਂ ਉੱਪਰ ਲਿਖੇ ਉਪਾਅ ਜ਼ਰੂਰ ਅਪਣਾਓ। ਇਸ ਤੋਂ ਇਲਾਵਾ ਭੀੜ ਵਾਲੇ ਸਥਾਨਾਂ 'ਤੇ ਜਾਣ ਤੋਂ ਜ਼ਰੂਰ ਬਚੋ। ਤੁਹਾਨੂੰ ਦੱਸ ਦਈਏ ਕਿ ਭਾਰਤ 'ਚ 83 ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਤੇ ਹੁਣ ਤਕ 2 ਮੌਤਾਂ ਹੋ ਚੁੱਕੀਆਂ ਹਨ।