ਸਿੰਗਾਪੁਰ 'ਚ 3 ਸਾਲਾ ਭਾਰਤੀ ਬੱਚੀ ਨੂੰ ਕੋਰੋਨਾ, ਮਰੀਜ਼ਾਂ ਦੀ ਗਿਣਤੀ ਵਧੀ

03/27/2020 10:06:45 AM

ਸਿੰਗਾਪੁਰ : ਸਿੰਗਾਪੁਰ ਵਿਚ ਕੋਰੋਨਾ ਪੀੜਤਾਂ ਦੇ ਨਵੇਂ 80 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਤਿੰਨ ਸਾਲਾ ਭਾਰਤੀ ਬੱਚੀ ਵੀ ਦੱਸੀ ਜਾ ਰਹੀ ਹੈ। ਇਸ ਨਾਲ ਸਿੰਗਾਪੁਰ ਵਿਚ ਹੁਣ 600 ਤੋਂ ਵਧੇਰੇ ਕੋਰੋਨਾ ਵਾਇਰਸ ਦੇ ਪੀੜਤ ਹਨ। 

ਸਿੰਗਾਪੁਰ ਦੇ ਸਿਹਤ ਮੰਤਰਾਲਾ ਮੁਤਾਬਕ ਨਵੇਂ ਮਾਮਲਿਆਂ ਵਿਚੋਂ 38 ਲੋਕ ਯੂਰਪ, ਉੱਤਰੀ ਅਮਰੀਕਾ ਅਤੇ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਵਿਚੋਂ ਯਾਤਰਾ ਕਰਕੇ ਆਏ ਸਨ, ਜਦਕਿ ਬਾਕੀ ਲੋਕਾਂ ਨੂੰ ਦੇਸ਼ ਵਿਚ ਹੀ ਕੋਰੋਨਾ ਹੋਇਆ ਹੈ। ਸਿਹਤ ਮੰਤਰਾਲੇ ਮੁਤਾਬਕ 404 ਮਰੀਜ਼ ਹਸਪਤਾਲ ਵਿਚ ਭਰਤੀ ਹਨ, ਜਿਨ੍ਹਾਂ ਵਿਚੋਂ 17 ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਆਈ. ਸੀ. ਯੂ. ਵਾਰਡ ਵਿਚ ਭਰਤੀ ਹਨ। ਹੋਰਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਇਸ ਦੇ ਇਲਾਵਾ 106 ਲੋਕਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਹੈ। 

ਸਿੰਗਾਪੁਰ ਵਿਚ ਪੀੜਤਾਂ ਦੀ ਗਿਣਤੀ ਵਧਣ ਦਾ ਖਦਸ਼ਾ
ਸਿਹਤ ਮੰਤਰਾਲਾ ਮੁਤਾਬਕ 3,216 ਲੋਕ ਡਾਕਟਰੀ ਨਿਗਰਾਨੀ ਵਿਚ ਰੱਖੇ ਗਏ ਹਨ ਜੋ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ ਵਿਚ ਆਏ ਸਨ ਅਤੇ ਇਸੇ ਤਰ੍ਹਾਂ ਦੇ 6,555 ਨੇ 14 ਦਿਨਾਂ ਦਾ ਡਾਕਟਰੀ ਨਿਗਰਾਨੀ ਵਿਚ ਰਹਿਣ ਦਾ ਨਿਯਮ ਪੂਰਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਗਣ ਕਿਮ ਯੋਂਗ ਨੇ ਬੁੱਧਵਾਰ ਨੂੰ ਸੰਸਦ ਵਿਚ ਕਿਹਾ ਸੀ ਕਿ 2 ਲੱਖ ਲੋਕ ਵਿਦੇਸ਼ ਤੋਂ ਸਿੰਗਾਪੁਰ ਵਾਪਸ ਆਏ ਹਨ, ਇਸ ਲਈ ਸਿੰਗਾਪੁਰ ਵਿਚ ਪੀੜਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। 
ਸਿੰਗਾਪੁਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਜਨਤਕ ਤੌਰ 'ਤੇ ਸਮਾਜਕ ਦੂਰੀ ਨਹੀਂ ਰੱਖ ਰਹੇ ਉਨ੍ਹਾਂ ਨੂੰ 10,000 ਸਿੰਗਾਪੁਰੀ ਡਾਲਰ ਜਾਂ ਵੱਧ ਤੋਂ ਵੱਧ ਛੇ ਮਹੀਨੇ ਦੀ ਕੈਦ ਜਾਂ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 

Sanjeev

This news is Content Editor Sanjeev