ਬੋਰਿਸ ਜਾਨਸਨ ਨੇ ਜਾਨ ਬਚਾਉਣ ਵਾਲੇ ਡਾਕਟਰਾਂ ਨੂੰ ਕਿਹਾ, ''ਮੈਂ ਸ਼ੁਕਰਗੁਜ਼ਾਰ ਹਾਂ''

04/12/2020 5:26:45 PM

ਲੰਡਨ- ਕੋਰੋਨਾਵਾਇਰਸ ਨਾਲ ਇਨਫੈਕਟਡ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਹਨਾਂ ਦੀ ਜਾਨ ਬਚਾਉਣ ਵਾਲੇ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਦੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਜਾਨਸਨ ਨੂੰ ਸ਼ਨੀਵਾਰ ਨੂੰ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਆਈ.ਸੀ.ਯੂ. ਵਿਚੋਂ ਬਾਹਰ ਲਿਆਂਦਾ ਗਿਆ ਸੀ। 

ਆਪਣੇ ਪਹਿਲੇ ਜਨਤਕ ਬਿਆਨ ਵਿਚ 55 ਸਾਲਾ ਜਾਨਸਨ ਨੇ ਕਿਹਾ ਕਿ ਜਾਨ ਬਚਾਉਣ ਲਈ ਮੈਂ ਸ਼ੁਕਰਗੁਜ਼ਾਰ ਹਾਂ। ਇਸ ਵਿਚਾਲੇ ਡਾਊਨਿੰਗ ਸਟ੍ਰੀਟ ਨੇ ਕਿਹਾ ਹੈ ਕਿ ਜਾਨਸਨ ਹੁਣ ਵਾਰਡ ਵਿਚ ਹਨ ਤੇ ਉਹਨਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਐਤਵਾਰ ਨੂੰ ਹਸਪਤਾਲ ਵਿਚ ਉਹਨਾਂ ਨੂੰ 7 ਦਿਨ ਹੋ ਗਏ ਹਨ। ਜਾਨਸਨ ਨੇ ਡਾਕਟਰਾਂ ਦੀ ਨਿਗਰਾਨੀ ਵਿਚ ਘੱਟ ਦੂਰੀ ਤੱਕ ਚਹਿਲਕਦਮੀ ਵੀ ਕੀਤੀ। ਕਿਹਾ ਜਾ ਰਿਹਾ ਹੈ ਕਿ ਜਾਨਸਨ ਦੀ ਮੰਗੇਤਰ ਨੇ ਉਹਨਾਂ ਦਾ ਹੌਂਸਲਾ ਵਧਾਉਣ ਲਈ ਪੱਤਰ ਭੇਜੇ ਹਨ। ਸਾਈਮੰਡਸ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ ਹੈ। ਜਾਨਸਨ ਨੂੰ ਹੋਰ ਵੀ ਹਜ਼ਾਰਾਂ ਕਾਰਡ ਮਿਲੇ ਹਨ, ਜਿਹਨਾਂ ਵਿਚ ਉਹਨਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਗਈ ਹੈ।

ਉਹਨਾਂ ਦੇ ਕੰਮ 'ਤੇ ਪਰਤਣ ਦੀ ਯੋਜਨਾ ਬਾਰੇ ਪੁੱਛੇ ਜਾਣ 'ਤੇ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਲਈ ਕੁਝ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਣ ਬ੍ਰਿਟੇਨ ਵਿਚ 917 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 9,875 ਤੱਕ ਪਹੁੰਚ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਵਲੋਂ ਕੀਤੇ ਇਕ ਟਵੀਟ ਵਿਚ ਉਹਨਾਂ ਨੇ ਈਸਟਰ ਦੀਆਂ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਜਾਨ ਬਚਾਉਣ ਲਈ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇਸ਼ ਭਰ ਵਿਚ ਚਰਚ ਬੰਦ ਰਹਿਣਗੇ ਤੇ ਪਰਿਵਾਰ ਵੱਖ-ਵੱਖ ਦਿਨ ਬਿਤਾਉਣਗੇ ਪਰ ਘਰਾਂ ਵਿਚ ਰਹਿਕੇ ਤੁਸੀਂ ਐਨ.ਐਚ.ਐਸ. ਦੀ ਰੱਖਿਆ ਕਰ ਰਹੇ ਹੋ ਤੇ ਜਾਨ ਬਚਾ ਰਹੇ ਹੋ।

Baljit Singh

This news is Content Editor Baljit Singh