ਕੋਰੋਨਾ ਵਾਇਰਸ : ਇਟਲੀ ''ਚ 24 ਘੰਟਿਆਂ ਦੌਰਾਨ 49 ਲੋਕਾਂ ਦੀ ਮੌਤ, ਵਧਿਆ ਡਰ

03/07/2020 10:19:02 AM

ਰੋਮ— ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਦੇ ਵੂਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਤਕ 90 ਤੋਂ ਜ਼ਿਆਦਾ ਦੇਸ਼ਾਂ 'ਚ ਫੈਲ ਚੁੱਕਾ ਹੈ। ਉੱਥੇ ਹੀ ਇਟਲੀ 'ਚ ਕੋਰੋਨਾ ਵਾਇਰਸ ਨਾਲ ਸ਼ੁੱਕਰਵਾਰ ਨੂੰ 49 ਹੋਰ ਲੋਕਾਂ ਦੀ ਮੌਤ ਹੋ ਗਈ। ਇੱਥੇ ਇਕ ਦਿਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਇਹ ਸਭ ਤੋਂ ਵਧ ਗਿਣਤੀ ਹੈ। ਇਟਲੀ 'ਚ ਹੁਣ ਤਕ 197 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾ ਨਾਲ ਹੁਣ ਤਕ ਸਭ ਤੋਂ ਵੱਧ ਮੌਤਾਂ ਚੀਨ 'ਚ ਹੋਈਆਂ ਹਨ। ਇਸ ਦੇ ਬਾਅਦ ਦੂਜੇ ਸਥਾਨ 'ਤੇ ਇਟਲੀ ਹੈ। ਇਟਲੀ 'ਚ ਇਸ ਵਾਇਰਸ ਕਾਰਨ ਹੁਣ ਤਕ ਕੁੱਲ 4,636 ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਚੀਨ, ਦੱਖਣੀ ਕੋਰੀਆ ਅਤੇ ਈਰਾਨ ਦੇ ਬਾਅਦ ਸਭ ਤੋਂ ਵੱਧ ਹਨ।

ਇਟਲੀ ਸਰਕਾਰ ਦੀ ਇਸ 'ਤੇ ਵੀ ਨਜ਼ਰ  ਹੈ ਕਿ ਕੀ ਕੋਰੋਨਾ ਉੱਤਰੀ ਖੇਤਰਾਂ ਤੋਂ ਫੈਲਿਆ ਹੈ, ਜਿੱਥੇ ਵਾਇਰਸ ਫੈਲਣ ਦੇ ਪਹਿਲੇ 10 ਦਿਨਾਂ ਦੌਰਾਨ ਕਾਫੀ ਲੋਕ ਪੀੜਤ ਪਾਏ ਗਏ ਸਨ। ਹੁਣ ਇਟਲੀ ਦੇ 22 ਸਥਾਨਾਂ 'ਤੇ ਇਸ ਵਾਇਰਸ ਨਾਲ ਪੀੜਤ ਲੋਕ ਹਨ। ਇਟਲੀ ਨੇ ਸਾਰੇ ਸਕੂਲ-ਕਾਲਜਾਂ ਨੂੰ 15 ਮਾਰਚ ਤਕ ਬੰਦ ਕਰ ਦਿੱਤਾ ਹੈ। ਇਟਲੀ ਦੇ ਲਾਜਿਓ 'ਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਇਕ ਹੋਰ ਮੌਤ ਦੀ ਖਬਰ ਆਈ ਸੀ ਜੋ ਰੋਮ ਅਤੇ ਉਸ ਦੇ ਬਾਹਰੀ ਇਲਾਕੇ 'ਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਤਕਰੀਬਨ ਇਕ ਲੱਖ ਲੋਕ ਕੋਰੋਨਾ ਦੀ ਲਪੇਟ 'ਚ ਹਨ।