'ਕੋਰੋਨਾਵੀਰ' ਬਣ ਸਕਦੇ ਹਨ ਕੋਰੋਨਾ ਮਰੀਜ਼ਾਂ ਦੇ ਮਸੀਹਾ, ਜਾਗੀ ਉਮੀਦ

04/02/2020 8:52:08 PM

ਬੀਜਿੰਗ - ਚੀਨ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਤ੍ਰਾਸਦੀ ਨੇ ਹੋਲੀ-ਹੋਲੀ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਫਿਲਹਾਲ ਇਸ ਬੀਮਾਰੀ ਨਾਲ ਲੱਡ਼ਣ ਦੀ ਵੈਕਸੀਨ ਤਿਆਰ ਕਰਨ ਲਈ ਦੁਨੀਆ ਵਿਚ ਤਰ੍ਹਾਂ-ਤਰ੍ਹਾਂ ਦੇ ਪ੍ਰੀਖਣ ਹੋ ਰਹੇ ਹਨ। ਇਸ ਤੋਂ ਪਹਿਲਾਂ ਹੀ ਚੀਨ ਵਿਚ ਡਾਕਟਰਾਂ ਨੇ ਇਸ ਦਾ ਤੋਡ਼ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਹਾਲ ਹੀ ਵਿਚ ਨਤੀਜੇ ਉਮੀਦ ਜਗਾ ਰਹੇ ਹਨ। ਕੁਝ ਮਰੀਜ਼ਾਂ 'ਤੇ ਕੀਤੇ ਗਏ ਪ੍ਰੀਖਣਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਮਾਰ ਮਰੀਜ਼ਾਂ ਨੂੰ ਠੀਕ ਹੋ ਚੁੱਕੇ ਮਰੀਜ਼ਾਂ ਦਾ ਪਲਾਜ਼ਮਾ (ਖੂਨ) ਦੇਣ ਨਾਲ ਉਨ੍ਹਾਂ ਦੀ ਹਾਲਤ ਸੁਧਰ ਸਕਦੀ ਹੈ।

ਚੀਨ ਦੇ ਸ਼ੇਨਝੇਨ ਵਿਚ ਥਰਡ ਪੀਪਲਸ ਹਸਪਤਾਲ ਦੇ ਡਾਕਟਰਾਂ ਨੇ ਇਸ ਸਾਲ 20 ਜਨਵਰੀ ਤੋਂ 25 ਮਾਰਚ ਵਿਚਾਲੇ ਇਹ ਸਟੱਡੀ ਕੀਤੀ ਸੀ। ਮੈਰੀਲੈਂਡ ਯੂਨੀਵਰਸਿਟੀ ਦੇ ਡਾਕਟਰ ਫਹੀਮ ਯੂਨੁਸ ਨੇ ਇਸ ਸਟੱਡੀ ਦੇ ਨਤੀਜੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਵੀ ਹੁਣ ਇਸ ਨੂੰ ਅਪਣਾਉਣਾ ਚਾਹੁੰਦੇ ਹਨ। ਚੀਨ ਦੇ ਡਾਕਟਰਾਂ ਨੇ ਆਪਣੇ 5 ਮਰੀਜ਼ਾਂ ਨੂੰ ਅਜਿਹੇ 5 ਲੋਕਾਂ ਦਾ ਪਲਾਜ਼ਮਾ ਚਡ਼ਾਇਆ ਸੀ, ਜਿਨ੍ਹਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਹੋ ਚੁੱਕੀ ਸੀ ਅਤੇ ਇਲਾਜ ਤੋਂ ਬਾਅਦ ਉਹ ਠੀਕ ਹੋ ਚੁੱਕੇ ਹਨ।

ਸਕਾਰਤਮਕ ਨਤੀਜੇ
ਨਤੀਜਿਆਂ ਵਿਚ ਇਹ ਗੱਲ ਸਾਹਮਣੇ ਆਈ ਕਿ 3 ਦਿਨਾਂ ਦੇ ਅੰਦਰ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਸੁਧਰਣ ਲੱਗਾ ਸੀ। 12 ਦਿਨ ਬਾਅਦ ਉਨ੍ਹਾਂ ਵਿਚ ਵਾਇਰਲ ਲੋਡ ਵੀ ਨੈਗੇਟਿਵ ਹੋ ਗਿਆ ਜਦਕਿ ਵਾਇਰਸ ਨਾਲ ਲੱਡ਼ਣ ਵਾਲੀ ਐਂਟੀਬਾਡੀ ਵੱਧਣ ਲੱਗੀ। ਦਰਅਸਲ, ਪਲਾਜ਼ਮਾ ਦੇ ਜ਼ਰੀਏ ਇਹ ਐਂਟੀਬਾਡੀ ਵਧਾਉਣਾ ਹੀ ਇਸ ਪ੍ਰੀਖਣ ਦਾ ਉਦੇਸ਼ ਸੀ। ਹੁਣ ਤੱਕ ਇਨ੍ਹਾਂ ਵਿਚੋਂ 3 ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ ਜਦਕਿ 2 ਦੀ ਹਾਲਤ ਸਥਿਰ ਹੈ।

ਅਜੇ ਪੁਖਤਾ ਨਹੀਂ ਹੈ ਇਲਾਜ
ਸਟੱਡੀ ਵਿਚ ਆਖਿਆ ਗਿਆ ਹੈ ਕਿ ਫਿਲਹਾਲ ਇਸ ਨੂੰ ਕੋਰੋਨਾਵਾਇਸ ਦਾ ਪੁਖਤਾ ਇਲਾਜ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸਿਰਫ 5 ਮਰੀਜ਼ਾਂ 'ਤੇ ਹੀ ਕੀਤਾ ਗਿਆ ਪ੍ਰੀਖਣ ਸੀ। ਨਾਲ ਹੀ, ਇਹ ਵੀ ਨਹੀਂ ਪਤਾ ਕਿ ਕੀ ਇਹ ਮਰੀਜ਼ ਬਿਨਾਂ ਪਲਾਜ਼ਮਾ ਚਡ਼ਾਏ ਠੀਕ ਹੋ ਸਕਦੇ ਸਨ ਜਾਂ ਨਹੀਂ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਨੂੰ ਪਲਾਜ਼ਮਾ ਤੋਂ ਇਲਾਵਾ ਵੀ ਇਲਾਜ ਦਿੱਤਾ ਜਾ ਰਿਹਾ ਸੀ। ਇਸ ਲਈ ਪੁਖਤਾ ਤੌਰ 'ਤੇ ਇਹ ਵੀ ਨਹੀਂ ਆਖਿਆ ਜਾ ਸਕਦਾ ਕਿ ਇਨ੍ਹਾਂ ਦੀ ਹਾਲਤ ਵਿਚ ਸੁਧਾਰ ਸਿਰਫ ਪਲਾਜ਼ਮਾ ਕਾਰਨ ਹੀ ਹੋਈ ਹੈ।

Khushdeep Jassi

This news is Content Editor Khushdeep Jassi