ਬਦਲੇ ਪਾਕਿਸਤਾਨੀ ਕਲਾਕਾਰ ਦੇ ਸੁਰ, ਭਾਰਤੀਆਂ ਤੋਂ ਮੰਗੀ ਮੁਆਫੀ!

09/27/2016 1:42:51 PM

ਲੰਡਨ— ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅਭਿਨੇਤਾ ਮਾਰਕ ਅਨਵਰ ਨੇ ਆਪਣੇ ਸੁਰ ਬਦਲਦੇ ਹੋਏ ਭਾਰਤੀਆਂ ''ਤੇ ਨਸਲੀ ਟਵੀਟ ਕੀਤੇ ਜਾਣ ਲਈ ਮੁਆਫੀ ਮੰਗੀ ਹੈ। ਇਕ ਵੀਡੀਓ ਸੰਦੇਸ਼ ਰਾਹੀਂ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਟਵੀਟਸ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਖਾਸ ਤੌਰ ''ਤੇ ਉਹ ਭਾਰਤੀਆਂ ਤੋਂ ਇਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੀ ਭਾਸ਼ਾ ਗਲਤ ਸੀ ਅਤੇ ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ, ਸਾਬਕਾ ਸਹਿਕਰਮੀਆਂ ਸਮੇਤ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਹੈ। 
ਅਨਵਰ ਨੇ ਆਪਣੀ ਗਲਤੀ ''ਤੇ ਅਫਸੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੋਚ ਨਸਲੀ ਨਹੀਂ ਹੈ। ਹਾਲਾਂਕਿ ਬ੍ਰਿਟਿਸ਼ ਪੁਲਸ ਨਸਲੀ ਅਪਰਾਧ ਦੇ ਅਧੀਨ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗ੍ਰੇਟ ਮੈਨਚੈਸਟਰ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੂੰ ਇਸ ਸੰਬੰਧ ਵਿਚ ਸ਼ਿਕਾਇਤ ਮਿਲੀ ਸੀ। 
ਜ਼ਿਕਰਯੋਗ ਹੈ ਕਿ 45 ਸਾਲਾ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅਭਿਨੇਤਾ ਮਾਰਕ ਅਨਵਰ ਨੇ ਕਸ਼ਮੀਰ ਨੂੰ ਲੈ ਕੇ ਟਵੀਟ ਕਰਦੇ ਹੋਏ ਭਾਰਤ ਅਤੇ ਭਾਰਤੀਆਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਟਵੀਟਸ ਜਨਤਕ ਹੁੰਦੇ ਹੀ ਵੱਡੇ ਪੈਮਾਨੇ ''ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੇ ਲੜੀਵਾਰ ''ਕੋਰੋਨੇਸ਼ਨ ਸਟ੍ਰੀਟ'' ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹ ਲੜੀਵਾਰ ਬ੍ਰਿਟੇਨ ਵਿਚ ਸਭ ਤੋਂ ਲੰਬੇਂ ਸਮੇਂ ਤੋਂ ਪ੍ਰਸਾਰਤ ਹੋ ਰਹੇ ਲੜੀਵਾਰਾਂ ''ਚੋਂ ਇਕ ਹੈ। ਲੜੀਵਾਰ ਪ੍ਰੋਡਿਊਸ ਕਰਨ ਵਾਲੀ ਕੰਪਨੀ ਆਈ. ਟੀ. ਵੀ. ਦੇ ਬੁਲਾਰੇ ਨੇ ਅਨਵਰ ਦੇ ਰਵੱਈਏ ''ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦੀ ਇਸ ਲੜੀਵਾਰ ਵਿਚ ਵਾਪਸੀ ਨਹੀਂ ਹੋਵੇਗੀ।

Kulvinder Mahi

This news is News Editor Kulvinder Mahi