ਅਮਰੀਕਾ ''ਚ ਨਵੰਬਰ ਦੇ ਪਹਿਲੇ 10 ਦਿਨਾਂ ''ਚ ਸਾਹਮਣੇ ਆਏ ਕੋਰੋਨਾ ਦੇ 10 ਲੱਖ ਮਾਮਲੇ

11/11/2020 1:00:25 PM

ਵਾਸ਼ਿੰਗਟਨ- ਅਮਰੀਕਾ ਵਿਚ ਨਵੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਕੋਵਿਡ-19 ਦੇ 10 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਹਨ। ਕਈ ਸੂਬਿਆਂ ਵਿਚ ਮੰਗਲਵਾਰ ਨੂੰ ਸਭ ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਹਨ। ਇਲਿਨਾਇਸ ਵਿਚ 12,000 ਅਤੇ ਵਿਸਕਾਨਸਿਨ ਵਿਚ 7 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। 

ਵਿਸਕਾਨਸਿਨ ਵਿਚ ਗਵਰਨਰ ਨੇ ਵਾਇਰਸ ਨਾਲ ਲੜਨ ਲਈ ਇਕਜੁੱਟਤਾ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ। ਮ੍ਰਿਤਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਤੇ ਕਈ ਸੂਬਿਆਂ ਵਿਚ ਹੁਣ ਹਸਪਤਾਲ ਵੀ ਲਗਭਗ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਇੰਡੀਆਨਾ ਵਿਚ ਮੰਗਲਵਾਰ ਨੂੰ ਵਾਇਰਸ ਨਾਲ 63 ਲੋਕਾਂ ਦੀ ਮੌਤ ਹੋਈ ਹੈ। 

ਜ਼ਿਕਕਯੋਗ ਹੈ ਕਿ ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਤੇ ਇਸ ਦੇ ਨਤੀਜੇ ਆਉਣ ਤੱਕ ਬਹੁਤ ਸਾਰੇ ਲੋਕ ਵਿਰੋਧ ਪ੍ਰਦਰਸ਼ਨ ਕਰਦੇ ਰਹੇ। ਕਈ ਥਾਵਾਂ 'ਤੇ ਲੋਕ ਬੰਦੂਕਾਂ ਲੈ ਕੇ ਇਕੱਠੇ ਹੋ ਰਹੇ ਸਨ ਤੇ ਸਮਾਜਕ ਦੂਰੀ ਤੇ ਮਾਸਕ ਵਰਗੀਆਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਸ ਦੇ ਇਲਾਵਾ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਕੋਰੋਨਾ ਦਾ ਟੀਕਾ ਆਉਣ ਤੋਂ ਪਹਿਲਾਂ ਹੀ ਅਮਰੀਕਾ ਵਿਚ ਹੋਰ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Lalita Mam

This news is Content Editor Lalita Mam