ਕੋਰੋਨਾ ਵਾਇਰਸ : ਦੁਨੀਆ ਭਰ 'ਚ ਸਥਿਤ ਸਵਾਮੀ ਨਾਰਾਇਣ ਮੰਦਰ ਕੀਤੇ ਗਏ ਬੰਦ

03/14/2020 11:41:14 AM

ਵਾਸ਼ਿੰਗਟਨ—  ਦੁਨੀਆ ਭਰ 'ਚ ਸਥਿਤ ਸਵਾਮੀ ਨਾਰਾਇਣ ਮੰਦਰ ਕੋਰੋਨਾ ਦੇ ਖਤਰੇ ਕਾਰਨ ਬੰਦ ਕਰ ਦਿੱਤੇ ਗਏ ਹਨ। ਅਗਲੇ ਹੁਕਮ ਤਕ ਮੰਦਰ 'ਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰ ਚੁੱਕਾ ਹੈ। ਇਸ ਕਾਰਨ ਹੁਣ ਤਕ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਅਮਰੀਕਾ 'ਚ 41 ਲੋਕਾਂ ਦੀ ਮੌਤ ਵੀ ਸ਼ਾਮਲ ਹੈ।

ਇਸ ਦੇ ਇਲਾਵਾ ਦੁਨੀਆਭਰ 'ਚ 1,34,000 ਤੋਂ ਵਧੇਰੇ ਲੋਕ ਪੀੜਤ ਹਨ। ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਦੇ ਅਮਰੀਕਾ 'ਚ ਲਗਭਗ 100 ਮੰਦਰ ਹਨ। ਇੱਥੇ ਪੂਰੇ ਮਹੀਨੇ ਖਾਸ ਕਰਕੇ ਵੀਕਐਂਡ 'ਚ ਹਜ਼ਾਰਾਂ ਸ਼ਰਧਾਲੂ ਦਰਸ਼ਨ ਲਈ ਆਉਂਦੇ ਹਨ। ਬੀ. ਏ. ਪੀ. ਐੱਸ. ਮੁਤਾਬਕ ਸਾਰੀਆਂ ਸਭਾਵਾਂ ਤੋਂ ਬਚਣ ਲਈ ਪੂਰੀ ਦੁਨੀਆ 'ਚ ਬੀ. ਏ. ਪੀ. ਐੱਸ. ਮੰਦਰ ਬੰਦ ਰੱਖੇ ਜਾਣਗੇ ਪਰ ਸ਼ਰਧਾਲੂ ਹਰ ਮੰਦਰ ਦੀ ਵੈੱਬਸਾਈਟ ਰਾਹੀਂ ਰੋਜ਼ਾਨਾ ਦਰਸ਼ਨ ਕਰ ਸਕਣਗੇ।