ਨਿਊਯਾਰਕ 'ਚ ਕੋਰੋਨਾ ਦੀ ਤਬਾਹੀ, ਚੀਨ ਤੋਂ ਮੰਗਵਾਉਣੇ ਪੈ ਰਹੇ ਵੈਂਟੀਲੇਟਰ

04/05/2020 10:08:39 AM

ਨਿਊਯਾਰਕ : USA ਦੇ ਨਿਊਯਾਰਕ ਸੂਬੇ ਵਿਚ ਹਾਲਾਤ ਬੇਹੱਦ ਖਰਾਬ ਬਣਦੇ ਜਾ ਰਹੇ ਹਨ। ਹਾਲ ਹੀ ਵਿਚ ਇਸ ਸੂਬੇ ਨੇ ਚੀਨ ਤੋਂ ਵੈਂਟੀਲੇਟਰ ਖਰੀਦੇ ਹਨ। ਨਿਊਯਾਰਕ ਸਟੇਟ ਵਿਚ ਬੀਤੇ 24 ਘੰਟਿਆਂ ਦੌਰਾਨ 630 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 3,565 ਹੋ ਗਈ ਹੈ। ਜ਼ਿਆਦਾਤਰ ਮੌਤਾਂ ਨਿਊਯਾਰਕ ਸਿਟੀ ਵਿਚ ਹੋਈਆਂ ਹਨ। 

ਸੂਬੇ ਵਿਚ ਹੁਣ ਤੱਕ ਤਕਰੀਬਨ 1,13,000 ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਗਵਰਨਰ ਐਂਡਰਿਊ ਕੁਓਮੋ ਨੇ ਕਿਹਾ ਕਿ ਚਾਰ ਤੋਂ 14 ਦਿਨਾਂ ਵਿਚਕਾਰ ਇਨਫੈਕਟਡ ਮਾਮਲਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੈਂਟੀਲੇਟਰਾਂ ਦਾ ਪ੍ਰਬੰਧ ਕਰਨ 'ਤੇ ਜ਼ੋਰ ਦੇ ਰਹੀ ਹੈ। ਹਜ਼ਾਰ ਵੈਂਟੀਲੇਟਰ ਚੀਨ ਤੋਂ ਖਰੀਦੇ ਗਏ ਹਨ।

ਇਹ ਵੀ ਪੜ੍ਹੋ- ਲਾਕਡਾਊਨ ਵਿਚਕਾਰ ਇੰਨੀ ਹੋ ਗਈ ਡਾਲਰ ਦੀ ਕੀਮਤ, ਜੇਬ ਹੋ ਜਾਵੇਗੀ ਭਾਰੀ ► USA 'ਚ 24 ਘੰਟੇ 'ਚ ਰਿਕਾਰਡ ਮੌਤਾਂ, ਇਟਲੀ 'ਚ ਪੈਣ ਲੱਗਾ ਮੋੜਾ, ਜਾਣੋ ਹੋਰ ਦੇਸ਼ਾਂ ਦਾ ਹਾਲ

ਨਿਊਯਾਰਕ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ 10,000 ਤੋਂ ਜ਼ਿਆਦਾ ਲੋਕਾਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਇਕ ਨਵਾਂ ਰਿਕਾਰਡ ਹੈ। ਇਨ੍ਹਾਂ ਵਿਚੋਂ 60 ਫੀਸਦੀ ਇਕੱਲੇ ਨਿਊਯਾਰਕ ਸ਼ਹਿਰ ਦੇ ਹਨ। ਨਿਊਯਾਰਕ ਵਿਚ 15,905 ਹੋਰ ਲੋਕ ਹਸਪਤਾਲ ਵਿਚ ਦਾਖਲ ਕੀਤੇ ਗਏ ਹਨ। ਇਸ ਤੋਂ ਪਿਛਲੇ ਦਿਨ 14,810 ਲੋਕ ਹਸਪਤਾਲ ਵਿਚ ਇਲਾਜ ਲਈ ਭਰਤੀ ਕੀਤੇ ਗਏ ਸਨ। 

ਕੁਓਮੋ ਨੇ ਕਿਹਾ ਕਿ ਮਰੀਜ਼ਾਂ ਦੀ ਸਹਾਇਤਾ ਲਈ ਨਿਊਯਾਰਕ ਵਿਚ 85,000 ਹੈਲਥ ਵਾਲੰਟੀਅਰ ਹਨ, ਜਿਨ੍ਹਾਂ ਵਿਚੋਂ 22,000 ਬਾਹਰੋਂ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਇਕ ਕਾਰਜਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਮੈਡੀਕਲ ਵਿਦਿਆਰਥੀਆਂ ਨੂੰ ਵੀ ਮੈਡੀਸਨ ਪ੍ਰੈਕਟਿਸ ਕਰਨ ਦੀ ਮਨਜ਼ੂਰੀ ਦਿੱਤੀ ਜਾ ਸਕੇ, ਜਿਨ੍ਹਾਂ ਨੇ ਅਜੇ ਤਕ ਗ੍ਰੈਜੂਏਸ਼ਨ ਪੂਰੀ ਨਹੀਂ ਕੀਤੀ ਹੈ। ਉੱਥੇ ਹੀ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਨਿਊਯਾਰਕ ਸਿਟੀ ਦੀ ਮਦਦ ਲਈ 1000 ਫੌਜੀ ਮੈਡੀਕਲ ਕਰਮਚਾਰੀ ਭੇਜ ਰਹੇ ਹਨ।
 

Lalita Mam

This news is Content Editor Lalita Mam