ਕੋਰੋਨਾ ਵਾਇਰਸ : ਅਮਰੀਕਾ ’ਚ ਦੋ ਹਫਤਿਆਂ ’ਚ ਮੌਤ ਦਰ ਵਧਣ ਦਾ ਖਦਸ਼ਾ

03/30/2020 7:03:30 PM

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ’ਚ ਅਗਲੇ ਦੋ ਹਫਤਿਆਂ ’ਚ ਕੋਰੋਨਾ ਵਾਇਰਸ ਕਾਰਨ ਮੌਤ ਦਰ ’ਚ ਵਾਧਾ ਹੋ ਸਕਦਾ ਹੈ। ਇਸ ਖਦਸ਼ੇ ਨੂੰ ਵੇਖਦੇ ਹੋਏ ਉਨ੍ਹਾਂ ਨੇ ਸਮਾਜਿਕ ਦੂਰੀ ਬਣਾਉਣ ਸਮੇਤ ਕੋਰੋਨਾ ਵਾਇਰਸ ਸਬੰਧੀ ਹੋਰ ਦਿਸ਼ਾ-ਨਿਰਦੇਸ਼ਾਂ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ। ਅਮਰੀਕਾ ਇਸ ਸੰਕਟ ਤੋਂ 1 ਜੂਨ ਤੱਕ ਪਾਰ ਪਾ ਲਵੇਗਾ, ਦੇਸ਼ ਵਾਸੀਆਂ ਨੂੰ ਇਹ ਭਰੋਸਾ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਸੀਨੀਅਰ ਸਿਹਤ ਸਲਾਹਕਾਰਾਂ ਅਤੇ ਕੋਰੋਨਾ ’ਤੇ ਵ੍ਹਾਈਟ ਹਾਊਸ ਸੀਨੀਅਰ ਮੈਂਬਰਾਂ ਡਾ. ਦੇਬੋਰਾ ਬਿਕਸ ਅਤੇ ਡਾ. ਐਂਥਨੀ ਫਾਸੀ ਦੀ ਸਲਾਹ ਦੇ ਆਧਾਰ ’ਤੇ ਸਮਾਜਿਕ ਮੇਲਜੋਲ ਤੋਂ ਦੂਰੀ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਮਿਆਦ ਸਾਨੂੰ 30 ਅਪ੍ਰੈਲ ਤੱਕ ਵਧਾਉਣੀ ਹੀ ਪਵੇਗੀ। ਟਰੰਪ ਨੇ ਕੋਰੋਨਾ ਵਾਇਰਸ ਸਬੰਧੀ ਆਪਣੀ ਦੂਸਰੀ ਰੋਜ਼ ਗਾਰਡਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਮੇਰੇ ਕਹਿਣ ਦਾ ਮਤਲਬ ਹੈ ਕਿ ਜਿਨ੍ਹਾਂ ਬਚਾਅ ਉਪਾਵਾਂ ਨੂੰ ਅਸੀਂ ਲਾਗੂ ਕਰ ਰਹੇ ਹਾਂ ਉਹ ਕਾਫੀ ਹੱਦ ਤੱਕ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਘਟਾ ਸਕਦੇ ਹਾਂ। ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦੇ ਲੋਕ ਇਹ ਸਮਝਣ ਕਿ ਤੁਹਾਡੀਆਂ ਨਿਸਵਾਰਥ ਕੋਸ਼ਿਸ਼ਾਂ ਦੇਸ਼ ’ਚ ਕਈ ਜਾਨਾਂ ਬਚਾਅ ਰਹੀਆਂ ਹਨ। ਤੁਸੀਂ ਬਦਲਾਅ ਲਿਆ ਰਹੇ ਹੋ। ਅਨੁਮਾਨ ਦਰਸਾਉਂਦੇ ਹਨ ਕਿ 2 ਹਫਤਿਆਂ ’ਚ ਮੌਤ ਦਰ ਬੇਹੱਦ ਉਚਾਈ ’ਤੇ ਪਹੁੰਚ ਜਾਵੇਗੀ।’’


ਅਮਰੀਕਾ ’ਚ 1 ਦਿਨ ’ਚ 518 ਮੌਤਾਂ
ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ ਸਿਰਫ 24 ਘੰਟਿਆਂ ’ਚ 518 ਲੋਕਾਂ ਦੀ ਮੌਤ ਹੋ ਗਈ। ਜਾਨ ਹਾਪਕਿੰਸ ਯੂਨੀਵਰਸਿਟੀ ਨੇ ਐਤਵਾਰ ਨੂੰ ਇਹ ਅੰਕੜੇ ਜਾਰੀ ਕੀਤੇ। ਇਸ ਤੋਂ ਪਹਿਲਾਂ 1 ਦਿਨ ’ਚ 453 ਮੌਤਾਂ ਹੋਈਆਂ ਸਨ ਅਤੇ ਇਹ ਅੰਕੜਾ ਐਤਵਾਰ ਨੂੰ ਹੋਰ ਵਧ ਗਿਆ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਦੇਸ਼ ’ਚ ਕੁੱਲ 2409 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ’ਚ ਕੋਰੋਨਾ ਵਾਇਰਸ ਦੇ ਹੁਣ ਤੱਕ 1,36,880 ਮਾਮਲੇ ਹੋ ਗਏ ਹਨ ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਹਨ।

Gurdeep Singh

This news is Content Editor Gurdeep Singh