ਭਾਰਤ ਤੋਂ ਆਉਣ ਵਾਲੇ ਲੋਕਾਂ ਕਾਰਨ ਵੱਧ ਰਿਹੈ ਕੋਰੋਨਾ ਦਾ ਕਹਿਰ : PM ਓਲੀ

05/26/2020 12:54:30 AM

ਕਾਠਮੰਡੂ - ਭਾਰਤ ਦੇ ਨਾਲ ਸੀਮਾ ਵਿਵਾਦ ਨੂੰ ਲੈ ਉਲਝੇ ਨੇਪਾਲ ਨੇ ਹੁਣ ਕੋਰੋਨਾਵਾਇਰਸ ਨੂੰ ਲੈ ਕੇ ਵੀ ਭਾਰਤ 'ਤੇ ਹੀ ਲਗਾਤਾਰ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਸੋਮਵਾਰ ਨੂੰ ਦੁਬਾਰਾ ਕਿਹਾ ਹੈ ਕਿ ਦੇਸ਼ ਦੇ ਲਈ ਭਾਰਤ ਤੋਂ ਆਉਣ ਵਾਲੇ ਕੋਰੋਨਾਵਾਇਰਸ ਦੇ ਮਾਮਲੇ ਜ਼ਿਆਦਾ ਖਤਰਨਾਕ ਹਨ। ਇਸ ਤੋਂ ਪਹਿਲਾਂ ਵੀ ਓਲੀ ਨੇ ਅਜਿਹਾ ਕਿਹਾ ਸੀ ਕਿ ਨੇਪਾਲ ਨੂੰ ਇੰਨਾ ਖਤਰਾ ਇਟਲੀ ਅਤੇ ਚੀਨ ਤੋਂ ਆਉਣ ਵਾਲੇ ਕੋਰੋਨਾ ਮਾਮਲਿਆਂ ਤੋਂ ਨਹੀਂ ਹੈ, ਜਿੰਨਾ ਭਾਰਤ ਤੋਂ ਆਉਣ ਵਾਲੇ ਲੋਕਾਂ ਤੋਂ। ਦੱਸ ਦਈਏ ਕਿ ਨੇਪਾਲ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਦੇ 72 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਦੇਸ਼ ਵਿਚ ਕੁਲ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 675 ਹੋ ਗਈ।

ਬਿਨਾਂ ਚੈਕਿੰਗ ਦੇ ਆ ਰਹੇ ਨੇ ਲੋਕ
ਕੋਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਦੇਸ਼ ਨੂੰ ਸੰਬੋਧਿਤ ਕਰਦੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਨੇਪਾਲ ਵਿਚ ਦੱਖਣੀ ਏਸ਼ੀਆ ਦੇ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਮੌਤ ਦਰ ਕਾਫੀ ਘੱਟ ਹੈ। ਉਨ੍ਹਾਂ ਨੇ ਅੱਗੇ ਦੋਸ਼ ਲਗਾਇਆ ਹੈ ਕਿ ਭਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਲੋਕ ਨੇਪਾਲ ਵਿਚ ਦਾਖਲ ਹੋ ਰਹੇ ਹਨ। ਓਲੀ ਨੇ ਕਿਹਾ ਕਿ ਬਿਨਾਂ ਸਹੀ ਚੈਕਿੰਗ ਦੇ ਨੇਪਾਲ ਵਿਚ ਦਾਖਿਲ ਹੋਣ ਕਾਰਨ ਕੋਰੋਨਾ ਤੋਂ ਜ਼ਿਆਦਾ ਫੈਲ ਰਿਹਾ ਹੈ।

ਨੇਪਾਲੀ ਮੰਤਰੀ ਦਾ ਭਾਰਤੀ ਫੌਜ ਪ੍ਰਮੁੱਖ ਦੇ ਬਿਆਨ 'ਤੇ ਇਤਰਾਜ਼
ਇਸ ਤੋਂ ਪਹਿਲਾਂ ਇਕ ਨੇਪਾਲੀ ਅਖਬਾਰ ਨੂੰ ਦਿੱਤੇ ਗਏ ਇੰਟਰਵਿਊ ਵਿਚ ਰੱਖਿਆ ਮੰਤਰੀ ਈਸ਼ਵਰ ਪੋਖਰੇਲ ਨੂੰ ਕਿਹਾ ਸੀ ਕਿ ਭਾਰਤੀ ਫੌਜ ਪ੍ਰਮੁੱਖ ਨੇ ਨੇਪਾਲੀ ਗੋਰਖਾ ਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਫੌਜ ਪ੍ਰਮੁੱਖ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਨੇਪਾਲ ਦੇ ਲਿਪੁਲੇਖ ਮੁੱਦਾ ਚੁੱਕਣ ਦੇ ਪਿੱਛੇ ਕੋਈ ਵਿਦੇਸ਼ੀ ਤਾਕਤ ਹੋ ਸਕਦੀ ਹੈ। ਜਨਰਲ ਨਰਵਣੇ ਨੇ ਕਿਹਾ ਸੀ ਮੈਨੂਂ ਨਹੀਂ ਪਤਾ ਕਿ ਅਸਲ ਵਿਚ ਉਹ ਕਿਸ ਲਈ ਗੁੱਸਾ ਕਰ ਰਹੇ ਹਨ। ਪਹਿਲਾਂ ਤਾਂ ਕੋਈ ਤਕਲੀਫ ਨਹੀਂ ਹੋਈ, ਕਿਸੇ ਹੋਰ ਦੇ ਇਸ਼ਾਰੇ 'ਤੇ ਇਹ ਮੁੱਦਾ ਚੁੱਕ ਰਹੇ ਹੋ, ਇਹ ਇਕ ਸੰਭਾਵਨਾ ਹੈ।

Khushdeep Jassi

This news is Content Editor Khushdeep Jassi