US 'ਚ ਸਕੂਲ ਖੁੱਲ੍ਹਣ 'ਤੇ ਬੱਚਿਆਂ 'ਚ ਫੈਲਣ ਲੱਗਾ ਕੋਰੋਨਾ, 10 ਫੀਸਦੀ ਬੱਚੇ ਪ੍ਰਭਾਵਿਤ

10/01/2020 2:24:47 AM

ਵਾਸ਼ਿੰਗਟਨ - ਦੁਨੀਆ ਵਿਚ ਕੋਰੋਨਾ ਮਹਾਮਾਰੀ ਦੀ ਮਾਰ ਨਾਲ ਸਭ ਤੋਂ ਜ਼ਿਆਦਾ ਨਜਿੱਠ ਰਹੇ ਅਮਰੀਕਾ ਵਿਚ ਬੱਚਿਆਂ ਅਤੇ ਅੱਲ੍ਹੜਾਂ ਵਿਚ ਵੀ ਇਨਫੈਕਸ਼ਨ ਵਧ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਅਤੇ ਖੇਡ ਗਤੀਵਿਧੀਆਂ ਨੂੰ ਬਹਾਲ ਕੀਤੇ ਜਾਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਵੱਧਦੀ ਪ੍ਰਤੀਤ ਹੋ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਪਾਏ ਗਏ 74 ਲੱਖ ਮਾਮਲਿਆਂ ਵਿਚੋਂ 10 ਫੀਸਦੀ ਬੱਚੇ ਹਨ। ਦੇਸ਼ ਵਿਚ 2 ਲੱਖ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਮੰਗਲਵਾਰ ਨੂੰ ਆਪਣੀ ਰਿਪੋਕਟ ਵਿਚ ਦੱਸਿਆ ਕਿ ਕੁਲ ਮਾਮਲਿਆਂ ਵਿਚ ਹਰ ਉਮਰ ਦੇ ਬੱਚਿਆਂ ਦੀ ਗਿਣਤੀ ਵਧ ਕੇ 10 ਫੀਸਦੀ ਹੋ ਗਈ ਹੈ। ਬੀਤੇ ਅਪ੍ਰੈਲ ਵਿਚ ਇਹ ਅੰਕੜਾ ਸਿਰਫ 2 ਫੀਸਦੀ ਸੀ। ਜਦਕਿ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਕਿ ਸਕੂਲੀ ਬੱਚਿਆਂ ਵਿਚ ਸਤੰਬਰ ਦੀ ਸ਼ੁਰੂਆਤ ਤੋਂ ਕੋਰੋਨਾ ਦੀ ਲਾਗ ਵੱਧਣੀ ਸ਼ੁਰੂ ਹੋਈ।

ਛੋਟੇ ਬੱਚਿਆਂ ਦੀ ਤੁਲਨਾ ਵਿਚ ਕਰੀਬ ਦੁੱਗਣੇ ਅੱਲੜ੍ਹ ਪ੍ਰਭਾਵਿਤ ਪਾਏ ਗਏ ਹਨ। ਜ਼ਿਆਦਾਤਰ ਬੱਚੇ ਆਮ ਤੌਰ 'ਤੇ ਪ੍ਰਭਾਵਿਤ ਹੋਏ। ਬਾਲਗਾਂ ਦੀ ਤੁਲਨਾ ਵਿਚ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਜ਼ਰੂਰਤ ਵੀ ਘੱਟ ਪੈ ਰਹੀ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਮੁਖੀ ਡਾ. ਸੈਲੀ ਗੋਜ਼ ਨੇ ਆਖਿਆ ਕਿ ਬੱਚਿਆਂ ਵਿਚ ਇਨਫੈਕਸ਼ਨ ਵੱਧਣੀ ਬੇਹੱਦ ਚਿੰਤਾ ਦੀ ਗੱਲ ਹੈ। ਜਦਕਿ ਸਿਹਤ ਮਾਹਿਰਾਂ ਦਾ ਆਖਣਾ ਹੈ ਕਿ ਇਹ ਅੰਕੜਾ ਵੱਡੇ ਭਾਈਚਾਰਿਆਂ ਵਿਚ ਵਾਇਰਸ ਦੇ ਪ੍ਰਸਾਰ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਘੱਟਣ ਦੀ ਬਜਾਏ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕੋਰੋਨਾ ਦੇ 34,080,595 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 25,323,835 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 1,016,420 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi