ਕੈਲੀਫੋਰਨੀਆ ''ਚ ਵੀ ਸਾਹਮਣੇ ਆਇਆ ਕੋਰੋਨਾ ਦੇ ਨਵੇਂ ਰੂਪ ਦਾ ਮਾਮਲਾ

12/31/2020 11:28:06 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਇਸ ਦੇ ਦੱਖਣੀ ਭਾਗ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਾਲੇ ਇਕ ਮਾਮਲੇ ਨੂੰ ਦਰਜ ਕੀਤਾ ਹੈ, ਜੋ ਕਿ ਇਸ ਸੂਬੇ ਦਾ ਪਹਿਲਾ ਅਤੇ ਦੇਸ਼ ਪੱਧਰ 'ਤੇ ਦੂਜਾ ਮਾਮਲਾ ਹੈ। ਇਸ ਦਾ ਐਲਾਨ ਕੈਲੀਫੋਰਨੀਆ ਸੂਬੇ ਦੇ ਗੈਵਿਨ ਨਿਊਸਮ ਵਲੋਂ ਕੋਲੋਰਾਡੋ ਵਿਚ ਇਸ ਵਾਇਰਸ ਦੇ ਅਮਰੀਕਾ ਵਿਚ ਹੋਏ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ।

ਡਾ. ਐਂਥਨੀ ਫੌਸ਼ੀ ਨਾਲ ਇਕ ਵੀਡੀਓ ਕਾਨਫਰੰਸ ਵਿਚ ਬੋਲਦਿਆਂ ਨਿਉਸਮ ਨੇ ਜਾਣਕਾਰੀ ਦਿੱਤੀ ਕਿ ਦੱਖਣੀ ਕੈਲੀਫੋਰਨੀਆ ਨੇ ਇਕ ਘੰਟੇ ਪਹਿਲਾਂ ਨਵੇਂ ਵਾਇਰਸ ਦੇ ਇਕ ਮਾਮਲੇ ਦੀ ਪਛਾਣ ਕੀਤੀ ਹੈ। ਨਿਊਸਮ ਦੀ ਘੋਸ਼ਣਾ ਤੋਂ ਬਾਅਦ ਸੈਨ ਡਿਏਗੋ ਕਾਉਂਟੀ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਇਕ 30 ਸਾਲਾ ਵਿਅਕਤੀ ਵਿਚ ਵਾਇਰਸ ਦੇ ਇਸ ਰੂਪ ਦਾ ਪਤਾ ਲਗਾਇਆ ਗਿਆ ਹੈ ਅਤੇ ਪੀੜਤ ਦੀ ਕੋਈ ਯਾਤਰਾ ਹਿਸਟਰੀ ਨਹੀ ਸੀ। 

ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਵਿਚ ਪਹਿਲਾਂ 27 ਦਸੰਬਰ ਨੂੰ ਵਾਇਰਸ ਦੇ ਲੱਛਣਾਂ ਦਾ ਵਿਕਾਸ ਕੀਤਾ ਗਿਆ ਸੀ ਅਤੇ 29 ਦਸੰਬਰ ਨੂੰ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ। ਪੀੜਤ ਆਦਮੀ ਫਿਲਹਾਲ ਹਸਪਤਾਲ ਵਿਚ ਦਾਖਲ ਨਹੀਂ ਕੀਤਾ ਗਿਆ ਹੈ। ਅਮਰੀਕੀ ਸੰਸਥਾ ਸੀ.ਡੀ.ਸੀ ਅਨੁਸਾਰ ਦੇਸ਼ ਭਰ ਵਿਚ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਦੀ ਰਿਪੋਰਟ ਆਉਣ ਦੀ ਉਮੀਦ ਹੈ। ਵਾਇਰਸ ਦਾ ਇਹ ਰੂਪ ਜਿਸ ਨੂੰ B.1.1.7. ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਜ਼ਿਆਦਾ ਛੂਤਕਾਰੀ ਮੰਨਿਆ ਗਿਆ ਹੈ ਪਰ ਡਾ.ਐਂਥਨੀ ਅਨੁਸਾਰ ਇਹ ਵੇਰੀਐਂਟ ਮਰੀਜ਼ਾਂ ਨੂੰ ਜ਼ਿਆਦਾ ਬੀਮਾਰ ਨਹੀ ਬਣਾਉਂਦਾ ਜਦਕਿ ਫਾਈਜ਼ਰ ਅਤੇ ਮੋਡਰਨਾ ਟੀਕਾ ਕੰਪਨੀਆਂ ਨੇ ਉਨ੍ਹਾਂ ਦੇ ਟੀਕੇ ਦੀ ਇਸ ਵਾਇਰਸ ਪ੍ਰਤੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਗੱਲ ਵੀ ਕਹੀ ਹੈ।


 

Sanjeev

This news is Content Editor Sanjeev