ਸਾਊਦੀ ਅਰਬ ਦੀ ਤੇਲ ਕੰਪਨੀ 'ਅਰਾਮਕੋ' ਨੂੰ ਕੋਰੋਨਾ ਤਾਲਾਬੰਦੀ ਕਾਰਣ ਲੱਗਾ ਵੱਡਾ ਝਟਕਾ

03/22/2021 12:27:58 AM

ਰਿਆਦ - ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਨੇ ਐਲਾਨ ਕੀਤਾ ਹੈ ਕਿ ਪਿਛਲੇ ਸਾਲ ਉਨ੍ਹਾਂ ਦੇ ਮੁਨਾਫੇ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਦਾ ਕਾਰਣ ਕੋਰੋਨਾ ਕਰ ਕੇ ਲਾਏ ਗਏ ਲਾਕਡਾਊਨ ਦੌਰਾਨ ਤੇਲ ਦੀ ਮੰਗ ਵਿਚ ਆਈ ਕਮੀ ਹੈ। ਕੰਪਨੀ ਨੂੰ ਸਾਲ 2019 ਵਿਚ ਜਿੰਨੀ ਕਮਾਈ ਹੋਈ ਸੀ, ਉਸ ਦੀ ਤੁਲਨਾ ਵਿਚ ਪਿਛਲੇ ਸਾਲ 45 ਫੀਸਦੀ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇਕ ਸਾਊਦੀ ਅਰਾਮਕੋ ਨੇ ਇਸ ਦੇ ਬਾਵਜੂਦ 49 ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ। ਇਸ ਦੇ ਨਾਲ ਹੀ ਸਾਊਦੀ ਅਰਾਮਕੋ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਦੇ ਸ਼ੇਅਰ ਧਾਰਕਾਂ ਨੂੰ ਫਿਰ ਵੀ ਡਿਵੀਲੈਂਡ (ਮੁਨਾਫਾ) ਦਿੱਤਾ ਜਾਵੇਗਾ। ਇਹ ਰਕਮ 75 ਅਰਬ ਡਾਲਰ ਦੇ ਬਰਾਬਰ ਹੋਵੇਗੀ।

ਸਭ ਤੋਂ ਵੱਡੀ ਸ਼ੇਅਰ ਧਾਰਕ
ਅਰਾਮਕੋ ਦੀ ਸਭ ਤੋਂ ਵੱਡੀ ਸ਼ੇਅਰ ਧਾਰਕ ਸਾਊਦੀ ਅਰਬ ਦੀ ਸਰਕਾਰ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਹਾਲ ਹੀ ਦੇ ਇਤਿਹਾਸ ਵਿਚ ਇਹ ਕੰਪਨੀ ਲਈ ਸਭ ਤੋਂ ਚੁਣੌਤੀਪੂਰਣ ਸਾਲਾਂ ਵਿਚੋਂ ਇਕ ਸੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਦੁਨੀਆ ਭਰ ਵਿਚ ਜਿਸ ਤਰ੍ਹਾਂ ਪਾਬੰਦੀਆਂ ਲਾਈਆਂ ਗਈਆਂ ਸਨ, ਉਸ ਕਾਰਣ ਉਦਯੋਗ ਬੰਦ ਹੋ ਗਏ ਸਨ, ਲੋਕਾਂ ਦੀਆਂ ਯਾਤਰਾਵਾਂ ਮੁਅੱਤਲ ਹੋ ਗਈਆਂ ਸਨ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਕਈ ਸਰਗਰਮੀਆਂ ਵਿਚ ਠਹਿਰਾ ਆ ਗਿਆ ਸੀ। ਇਨ੍ਹਾਂ ਸਭ ਦਾ ਅਸਰ ਤੇਲ ਅਤੇ ਊਰਜਾ ਦੀ ਮੰਗ 'ਤੇ ਪਿਆ ਅਤੇ ਤੇਲ ਦੀਆਂ ਕੀਮਤਾਂ ਵਿਚ 5 ਗੁਣਾ ਤੱਕ ਦੀ ਗਿਰਾਵਟ ਦੇਖੀ ਗਈ ਸੀ। ਤੇਲ ਅਤੇ ਗੈਸ ਦੇ ਕਾਰੋਬਾਰ ਨਾਲ ਜੁੜੀ ਰਾਇਲ ਡਚ ਸ਼ੇਲ ਅਤੇ ਬ੍ਰਿਟਿਸ਼ ਪੈਟਰੋਲੀਅਮ ਜਿਹੀ ਵੱਡੀ ਕੰਪਨੀਆਂ ਨੇ ਮੁਨਾਫੇ ਵਿਚ ਕਮੀ ਦਰਜ ਕੀਤੀ ਗਈ ਹੈ। ਅਮਰੀਕਾ ਦੀ ਸਭ ਤੋਂ ਵੱਡੀ ਊਰਜਾ ਕੰਪਨੀ ਐਕਸਾਨ ਮੋਬਿਲ ਨੂੰ ਪਹਿਲੀ ਵਾਰ ਪਿਛਲੇ ਸਾਲ ਕਾਰੋਬਾਰ ਵਿਚ ਘਾਟਾ ਚੁੱਕਣਾ ਪਿਆ ਹੈ।

ਰਿਆਦ ਦੀ ਰਿਫਾਈਨਰੀ 'ਤੇ ਹਮਲੇ
ਕੋਰੋਨਾ ਦੀ ਵੈਕਸੀਨ ਬਾਜ਼ਾਰ ਵਿਚ ਆਉਣ ਨਾਲ ਦਸੰਬਰ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਾਊਦੀ ਅਰਾਮਕੋ ਦੇ ਚੀਫ ਐਗਜ਼ੀਕਿਊਟਿਵ ਅਮਿਨ ਨਸੀਰ ਮੁਤਾਬਕ ਅਸੀਂ ਏਸ਼ੀਆ ਵਿਚ ਤੇਲ ਦੀਆਂ ਕੀਮਤਾਂ ਵਿਚ ਇਜ਼ਾਫਾ ਦੇਖ ਰਹੇ ਹਾਂ, ਦੂਜੀਆਂ ਥਾਵਾਂ ਤੋਂ ਵੀ ਸਕਾਰਾਤਮਕ ਇਸ਼ਾਰੇ ਆ ਰਹੇ ਹਨ। ਜਿਵੇਂ-ਜਿਵੇਂ ਸਰਕਾਰਾਂ ਅਤੇ ਅਥਾਰਟੀਆਂ ਅਰਥ ਵਿਵਸਥਾਵਾਂ ਨੂੰ ਖੋਲ੍ਹ ਰਹੀਆਂ ਹਨ, ਸਾਨੂੰ ਉਮੀਦ ਹੈ ਕਿ ਇਹ ਗਿਣਤੀ ਵੱਧਦੀ ਜਾਵੇਗੀ। ਪਰ ਅਰਾਮਕੋ ਸਾਹਮਣੇ ਦੂਜੀਆਂ ਮੁਸ਼ਕਿਲਾਂ ਵੀ ਹਨ। ਸਾਊਦੀ ਦੀ ਯਮਨ ਵਿਚ ਚੱਲ ਰਹੀ ਜੰਗ ਵਿਚ ਸ਼ਾਮਲ ਹੋਣ ਕਾਰਣ ਕੰਪਨੀ ਦੀਆਂ ਕਈ ਸੰਸਥਾਵਾਂ 'ਤੇ ਡ੍ਰੋਨ ਹਮਲੇ ਕੀਤੇ ਗਏ ਹਨ। ਪਿਛਲੇ ਸ਼ੁੱਕਰਵਾਰ ਰਿਆਦ ਦੀ ਰਿਫਾਈਨਰੀ 'ਤੇ ਹੋਏ ਹਮਲੇ ਕਾਰਣ ਅੱਗ ਲੱਗ ਗਈ ਸੀ। ਨਸੀਰ ਮੁਤਾਬਕ ਰਿਫਾਈਨਰੀ ਵਿਚ ਕੁਝ ਘੰਟਿਆਂ ਤੋਂ ਬਾਅਦ ਹੀ ਕੰਮ ਸ਼ੁਰੂ ਹੋ ਗਿਆ ਅਤੇ ਫਰਮ ਕੋਲ ਅਜਿਹੇ ਹਮਲਿਆਂ ਲਈ ਐਮਰਜੈਂਸੀ ਰਿਸਪਾਂਸ ਪਲਾਨ ਹਨ।

Khushdeep Jassi

This news is Content Editor Khushdeep Jassi