ਚੀਨ ''ਚ ਫਿਰ ਕੋਰੋਨਾ ਨੇ ਦਿੱਤੀ ਦਸਤਕ, ਵੁਹਾਨ ''ਚ ਮਿਲੇ 6 ਹੋਰ ਨਵੇਂ ਮਾਮਲੇ

05/11/2020 9:14:20 PM

ਵੁਹਾਨ - ਚੀਨ ਵਿਚ ਕੋਰੋਨਾਵਾਇਰਸ ਮਹਾਮਾਹੀ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਵਿਚ 30 ਦਿਨ ਤੋਂ ਜ਼ਿਆਦਾ ਸਮੇਂ ਬਾਅਦ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਕ ਸਥਾਨਕ ਅਧਿਕਾਰੀ ਨੂੰ ਖਰਾਬ ਪ੍ਰਬੰਧਨ ਦੇ ਸਿਲਸਿਲੇ ਵਿਚ ਬਰਖਾਸਤ ਕਰ ਦਿੱਤਾ ਹੈ। ਸ਼ਿੰਹੂਆ ਨੇ ਆਪਣੀ ਇਕ ਖਬਰ ਵਿਚ ਦੱਸਿਆ ਕਿ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਚਾਂਗਕਵਿੰਗ ਸਟ੍ਰੀਟ ਕਾਰਜ ਕਮੇਟੀ ਦੇ ਸਕੱਤਰ ਝਾਂਗ ਯੂਜਿਨ ਨੂੰ ਵੁਹਾਨ ਦੇ ਸਨਮਿਨ ਰਿਹਾਇਸ਼ੀ ਕਮਿਊਨਿਟੀ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਕ ਹੀ ਰਿਹਾਇਸ਼ੀ ਕਮਿਊਨਿਟੀ ਵਿਚ ਮਿਲੇ ਇਹ ਮਾਮਲੇ
ਕੋਰੋਨਾਵਾਇਰਸ ਦੇ ਇਹ ਸਾਰੇ ਮਾਮਲੇ ਸਨਮਿਨ ਰਿਹਾਇਸ਼ੀ ਕਮਿਊਨਿਟੀ ਵਿਚ ਪਾਏ ਗਏ ਹਨ। ਖਬਰ ਵਿਚ ਆਖਿਆ ਗਿਆ ਹੈ ਕਿ ਝਾਂਗ ਨੂੰ ਰਿਹਾਇਸ਼ੀ ਕਮਿਊਨਿਟੀ ਇਮਾਰਤ ਦਾ ਸਹੀ ਪ੍ਰਕਾਰ ਨਾਲ ਪ੍ਰਬੰਧਨ ਨਾ ਕਰ ਪਾਉਣ ਕਾਰਨ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਸਥਾਨ ਵਿਚ ਪਹਿਲਾਂ ਕੋਰੋਨਾ ਦੇ 20 ਮਾਮਲੇ ਸਾਹਮਣੇ ਆਏ ਸਨ। ਵੁਹਾਨ ਵਿਚ ਕੋਰੋਨਾ ਦੇ 5 ਨਵੇਂ ਮਾਮਲੇ ਐਤਵਾਰ ਨੂੰ ਅਤੇ ਇਕ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ। ਇਥੇ 35 ਦਿਨਾਂ ਤੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਸੀ।

ਚੀਨ ਵਿਚ ਕੁਲ ਮਾਮਲਿਆਂ ਦੀ ਗਿਣਤੀ 82,918 ਹੋਈ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਐਤਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 7 ਮਾਮਲੇ ਵਿਦੇਸ਼ ਤੋਂ ਆਏ ਲੋਕਾਂ ਨਾਲ ਜੁੜੇ ਹਨ। ਇਸ ਦੇ ਨਾਲ ਦੇਸ਼ ਵਿਚ ਕੋਰੋਨਾ ਦੇ ਮਾਮਲੇ ਵਧ ਕੇ 82,918 ਹੋ ਗਏ ਹਨ।

Khushdeep Jassi

This news is Content Editor Khushdeep Jassi