ਪਾਕਿ ’ਚ ਕੋਰੋਨਾ ਹੋਇਆ ਮਾਰੂ, ਹਸਪਤਾਲਾਂ ’ਚੋਂ ਖਤਮ ਹੋ ਰਹੀ ਆਕਸੀਜਨ

04/13/2021 4:22:39 PM

ਲਾਹੌਰ : ਭਾਰਤ ਵਾਂਗ ਪਾਕਿਸਤਾਨ ’ਚ ਵੀ ਕੋਰੋਨਾ ਨੇ ਕਹਿਰ ਵਰ੍ਹਾਇਆ ਹੋਇਆ ਹੈ। ਉਥੇ ਹਾਲਤ ਇਹ ਹੈ ਕਿ ਲਾਹੌਰ ਦੇ ਕਈ ਹਸਪਤਾਲਾਂ ’ਚ ਆਕਸੀਜਨ ਖਤਮ ਹੋ ਰਹੀ ਹੈ। ਲਾਹੌਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਦਾਖਲ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈ, ਜਦਕਿ 250 ਮਰੀਜ਼ ਅਜੇ ਵੈਂਟੀਲੇਟਰ ’ਤੇ ਹਨ। ਮਾਯੋ ਹਸਪਤਾਲ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਸਪਲਾਈ ਨਾ ਸੁਧਰੀ ਤਾਂ ਹਾਲਤ ਬਹੁਤ ਖਰਾਬ ਹੋ ਜਾਵੇਗੀ।ਹਸਪਤਾਲ ਦੇ ਡਾਕਟਰ ਅਸਦ ਆਲਮ ਨੇ ਕਿਹਾ ਕਿ ਹਾਲਤ ਖਰਾਬ ਹੈ ਅਤੇ ਹਸਪਤਾਲ ਮੌਜੂਦਾ ਆਕਸੀਜਨ ਦੀ ਵਰਤੋਂ ਕਰ ਰਹੇ ਹਨ ਪਰ ਜੇ ਆਕਸੀਜਨ ਦੀ ਸਪਲਾਈ ਜਲਦ ਤੋਂ ਜਲਦ ਨਾ ਹੋਈ ਤਾਂ ਹਾਲਤ ਬਹੁਤ ਖਰਾਬ ਹੋ ਜਾਵੇਗੀ। ਲਾਹੌਰ ਦੇ ਜ਼ਿਆਦਾਤਰ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਲੱਗਭਗ ਖਤਮ ਹੋ ਗਈ ਹੈ। ਇਸ ਦਾ ਕਾਰਨ ਹੈ ਕਿ ਪਾਕਿਸਤਾਨ ’ਚ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੱਬੈਕ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਜਾਮ ਲੱਗ ਰਿਹਾ ਹੈ।

ਵਿਸ਼ਵ ’ਚ ਕੋਰੋਨਾ ਦੇ ਹੋਏ 13.64 ਕਰੋੜ ਮਾਮਲੇ
ਇਸ ਦੌਰਾਨ ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 13.64 ਕਰੋੜ ਹੋ ਗਈ ਹੈ, ਜਦਕਿ ਇਸ ਬਿਮਾਰੀ ਕਾਰਨ 29.4 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਜੋਨਜ਼ ਹਾਪਕਿਨਜ਼ ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਜ਼ ਸਾਇੰਸ ਐਂਡ ਇੰਜੀਨੀਅਰਿੰਗ (ਸੀ.ਐੱਸ.ਐੱਸ.ਈ.) ਨੇ ਮੰਗਲਵਾਰ ਸਵੇਰੇ ਆਪਣੇ ਤਾਜ਼ਾ ਅਪਡੇਟ ’ਚ ਖੁਲਾਸਾ ਕੀਤਾ ਕਿ ਮੌਜੂਦਾ ਵਿਸ਼ਵ ਪੱਧਰੀ ਕੇਸ 136,493,176 ਹਨ ਅਤੇ ਹੁਣ ਤਕ 2,944,366 ਮੌਤਾਂ ਹੋਈਆਂ ਹਨ ।

Anuradha

This news is Content Editor Anuradha