ਚੀਨ ''ਚ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 2300 ਤੋਂ ਪਾਰ

02/22/2020 10:28:13 AM

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ 109 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 2345 ਹੋ ਚੁੱਕੀ ਹੈ ਅਤੇ 397 ਨਵੇਂ ਮਾਮਲੇ ਆਉਣ ਨਾਲ ਹੁਣ ਤਕ ਕੁੱਲ 76,288 ਮਰੀਜ਼ਾਂ 'ਚ ਇਸ ਵਾਇਰਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਬੇਈ ਸੂਬੇ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਕੇ ਸਭ ਤੋਂ ਵਧੇਰੇ 106 ਲੋਕਾਂ ਦੀ ਮੌਤ ਹੋਈ ਜਦਕਿ ਝੇਜਿਆਂਗ, ਸ਼ਿੰਘਾਈ, ਕੰਸਟਰਕਸ਼ਨ ਕਾਰਪਸ ਅਤੇ ਹੁਬੇਈ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ।

ਇਹ ਸਾਰੇ ਨਵੇਂ ਮਾਮਲੇ ਹਨ ਅਤੇ ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2345 ਹੋ ਗਈ ਹੈ। ਵਿਭਾਗ ਨੇ ਕਿਹਾ,''ਦੇਸ਼ ਦੇ 31 ਸੂਬਿਆਂ ਨਾਲ ਮਿਲੀ ਸੂਚਨਾ ਮੁਤਾਬਕ ਲਗਭਗ 76,288 ਮਰੀਜ਼ਾਂ 'ਚ ਹੁਣ ਤਕ ਕੋਰੋਨਾ ਵਾਇਰਸ ਦੀ ਪੁਸ਼ਟੀ ਹ ਚੁੱਕੀ ਹੈ। ਇਨ੍ਹਾਂ 'ਚੋਂ 53,284 ਲੋਕ ਅਜੇ ਬੀਮਾਰ ਹਨ, ਜਿਨ੍ਹਾਂ 'ਚੋਂ 11,477 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਉੱਥੇ 20,659 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।''
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ 'ਚ ਪਿਛਲੇ ਸਾਲ ਦਸੰਬਰ ਦੇ ਅਖੀਰ 'ਚ ਸਾਹਮਣੇ ਆਇਆ ਅਤੇ ਹੁਣ ਇਹ ਦੇਸ਼ ਦੇ 31 ਸੂਬਿਆਂ 'ਚ ਫੈਲ ਗਿਆ ਹੈ।