ਸਖ਼ਤ ਪਾਬੰਦੀਆਂ ਕਾਰਨ ਇਟਲੀ ''ਚ ਘਟੀ ਕੋਰੋਨਾ ਮਾਮਲਿਆਂ ਦੀ ਗਿਣਤੀ

09/26/2020 1:34:13 PM

ਰੋਮ- ਇਸ ਸਾਲ ਦੀ ਸ਼ੁਰੂਆਤ ਵਿਚ ਇਟਲੀ ਵਿਚ ਕੋਰੋਨਾ ਵਾਇਰਸ ਨੇ ਅਜਿਹਾ ਕਹਿਰ ਮਚਾਇਆ ਸੀ ਕਿ ਜਿਸ ਨੂੰ ਦੇਖ ਸਭ ਨੂੰ ਲੱਗਦਾ ਸੀ ਕਿ ਇਟਲੀ ਇਸ ਨੂੰ ਸੰਭਾਲ ਨਹੀਂ ਸਕੇਗਾ ਪਰ ਹੁਣ ਇਟਲੀ ਵਿਚ ਸਥਿਤੀ ਕਾਫੀ ਚੰਗੀ ਹੋ ਗਈ ਹੈ। 

ਜਿੱਥੇ ਇਟਲੀ ਵਿਚ ਰੋਜ਼ਾਨਾ ਹਜ਼ਾਰਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਸਨ, ਉੱਥੇ ਹੁਣ ਬਹੁਤ ਘੱਟ ਦਰਜ ਹੋ ਰਹੇ ਹਨ। ਯੂਰਪ ਦੇ ਫਰਾਂਸ, ਸਪੇਨ ਅਤੇ ਬ੍ਰਿਟੇਨ ਵਿਚ ਅਜੇ ਵੀ ਕੋਰੋਨਾ ਦੇ ਮਾਮਲੇ ਵੱਧ ਨਜ਼ਰ ਆ ਰਹੇ ਹਨ ਤੇ ਕਈ ਥਾਵਾਂ 'ਤੇ ਤਾਂ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋਣ ਵਾਲਾ ਹੈ ਪਰ ਇਟਲੀ ਵਿਚ ਸਥਿਤੀ ਕਾਫੀ ਹੱਦ ਤਕ ਕਾਬੂ ਹੈ। 

ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਟਲੀਵਾਸੀਆਂ ਨੇ ਕੋਰੋਨਾ ਕਾਲ ਦੌਰਾਨ ਇਹ ਸਿਖ ਲਿਆ ਹੈ ਕਿ ਮਾਸਕ ਤੇ ਸਮਾਜਕ ਦੂਰੀ ਬਹੁਤ ਜ਼ਰੂਰੀ ਹੈ। ਇਸੇ ਕਾਰਨ ਇੱਥੇ ਕੋਰੋਨਾ ਦੇ ਰੋਜ਼ਾਨਾ ਮਾਮਲੇ ਇਕ ਲੱਖ ਪਿੱਛੇ 35-40 ਹੀ ਦਰਜ ਹੋ ਰਹੇ ਹਨ ਜਦਕਿ ਸਪੇਨ , ਫਰਾਂਸ ਤੇ ਯੂ. ਕੇ. ਵਰਗੇ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਮਾਮਲੇ ਦਰਜ ਹੋ ਰਹੇ ਹਨ ਇਸ ਸਾਲ ਦੀ ਸ਼ੁਰੂਆਤ ਵਿਚ ਇਟਲੀ ਨੇ ਜੋ ਝੱਲਿਆ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਪਰ ਹੁਣ ਦੇਸ਼ ਵਿਚ ਸਥਿਤੀ ਠੀਕ ਹੋ ਗਈ ਹੈ। ਇਟਲੀ ਵਿਚ ਜਿਵੇਂ ਹੀ ਕੋਰੋਨਾ ਦੇ ਮਾਮਲੇ ਵਧਣ ਲੱਗਦੇ ਹਨ ਤਾਂ ਇੱਥੇ ਸਖਤਾਈ ਕਰ ਦਿੱਤੀ ਜਾਂਦੀ ਹੈ ਤੇ ਇਸ ਕਾਰਨ ਵਾਇਰਸ ਫੈਲਣ ਦੀ ਗਤੀ ਕਾਫੀ ਘੱਟ ਜਾਂਦੀ ਹੈ। ਇਟਲੀ ਵਿਚ ਹੁਣ ਤੱਕ 3,06,235 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ, ਹਾਲਾਂਕਿ ਇਨ੍ਹਾਂ ਵਿਚੋਂ 2,22,716 ਲੋਕ ਸਿਹਤਯਾਬ ਹੋ ਚੁੱਕੇ ਹਨ। ਕੋਰੋਨਾ ਇਟਲੀ ਵਿਚ 35,801 ਲੋਕਾਂ ਦੀ ਜਾਨ ਲੈ ਚੁੱਕਾ ਹੈ। 


 

Lalita Mam

This news is Content Editor Lalita Mam