ਵਿਸ਼ਵ ਦੀ 60 ਫੀਸਦੀ ਆਬਾਦੀ ਨੂੰ ਹਿਲਾ ਸਕਦੈ ਕੋਰੋਨਾ, ਹੁਣ ਤੱਕ 4 ਹਜ਼ਾਰ ਤੋਂ ਵੱਧ ਮੌਤਾਂ

03/12/2020 11:26:23 AM

ਜੇਨੇਵਾ— ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ ਤੋਂ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ 113 ਦੇਸ਼ਾਂ ਨੂੰ ਲਪੇਟ 'ਚ ਲੈ ਲਿਆ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4623 ਹੋ ਚੁੱਕੀ ਹੈ ਜਦਕਿ 1,25,841 ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਭਾਰਤ 'ਚ ਵੀ ਹੌਲੀ-ਹੌਲੀ ਵਾਇਰਸ ਫੈਲਣ ਲੱਗ ਗਿਆ ਹੈ ਤੇ ਇੱਥੇ 60 ਲੋਕਾਂ 'ਚ ਇਸ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਲੋਕਾਂ 'ਚ ਕੇਰਲ ਦੇ ਉਹ ਤਿੰਨ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਕ ਚੀਨ 'ਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨਾਲ ਜੁੜੇ ਸਨ। ਵਰਤਮਾਨ 'ਚ ਪੀੜਤਾਂ ਦੀ ਕੁੱਲ ਗਿਣਤੀ ਅਧਿਕਾਰਕ ਰਿਪੋਰਟ ਨਾਲੋਂ ਕਾਫੀ ਵਧੇਰੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਚੀਨ 'ਚ ਕੋਰੋਨਾ ਨਾਲ ਹੁਣ ਤਕ 3,169 ਲੋਕਾਂ ਦੀ ਮੌਤ ਹੋ ਗਈ ਜਦਕਿ 80,793 ਲੋਕ ਪੀੜਤ ਹਨ। ਮਹਾਮਾਰੀ ਵਿਗਿਆਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਦੁਨੀਆ ਦੀ 60 ਫੀਸਦੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ। ਹਾਂਗਕਾਂਗ ਦੇ ਮੁੱਖ ਮਹਾਮਾਰੀ ਮਾਹਿਰ ਦਾ ਮੰਨਣਾ ਹੈ ਕਿ ਜੇਕਰ ਸਮਾਂ ਰਹਿੰਦੇ ਹੀ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਦੁਨੀਆ ਦੀ 60 ਫੀਸਦੀ ਆਬਾਦੀ ਨੂੰ ਆਪਣੀ ਲਪੇਟ 'ਚ ਲੈ ਲਵੇਗਾ। ਆਸਟ੍ਰੇਲੀਆ ਦੀ ਇਕ ਯੂਨੀਵਰਸਿਟੀ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਇਹ ਵਾਇਰਸ 1.5 ਕਰੋੜ ਆਬਾਦੀ ਨੂੰ ਖਤਮ ਕਰ ਸਕਦਾ ਹੈ।

ਇਟਲੀ 'ਚ ਕੋਰੋਨਾ ਕਾਰਨ 827 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 9000 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਟਲੀ ਤੇ ਈਰਾਨ ਦੇ ਨਾਲ ਦੱਖਣੀ ਕੋਰੀਆ 'ਚ ਵੀ ਅਚਾਨਕ ਵਾਇਰਸ ਦਾ ਵਾਧਾ ਹੋਇਆ ਹੈ। ਦੱਖਣੀ ਕੋਰੀਆ 'ਚ ਕੋਰੋਨਾ ਨਾਲ ਹੁਣ ਤਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 7,755 ਲੋਕ ਇਸ ਨਾਲ ਪੀੜਤ ਹਨ। ਅਮਰੀਕਾ 'ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1302 ਲੋਕ ਇਸ ਕਾਰਨ ਪੀੜਤ ਹੋਏ ਹਨ। ਅਮਰੀਕਾ ਦੇ ਨਿਊਯਾਰਕ, ਵਾਸ਼ਿੰਗਟਨ, ਕੈਲੀਫੋਰਨੀਆ ਅਤੇ ਫਲੋਰੀਡਾ ਸਣੇ ਅੱਠ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ

ਵੱਖ-ਵੱਖ ਦੇਸ਼ਾਂ 'ਚ ਮ੍ਰਿਤਕਾਂ ਦੀ ਗਿਣਤੀ—
ਜਰਮਨੀ 'ਚ 3, ਫਰਾਂਸ 'ਚ 48, ਸਪੇਨ 'ਚ 54, ਜਾਪਾਨ 'ਚ 12, ਇਰਾਕ 'ਚ 7, ਬ੍ਰਿਟੇਨ 'ਚ 8, ਨੀਦਰਲੈਂਡ 'ਚ 5, ਆਸਟ੍ਰੇਲੀਆ ਅਤੇ ਹਾਂਗਕਾਂਗ 'ਚ 3-3, ਸਵਿਟਜ਼ਰਲੈਂਡ 'ਚ ਚਾਰ ਅਤੇ ਮਿਸਰ, ਸੈਨ ਮੈਰੀਨੋ, ਅਰਜਨਟੀਨਾ, ਫਿਲੀਪੀਨਜ਼, ਥਾਈਲੈਂਡ ਅਤੇ ਤਾਇਵਾਨ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।

ਵੱਖ-ਵੱਖ ਦੇਸ਼ਾਂ 'ਚ ਇਨਫੈਕਟਡ ਲੋਕਾਂ ਦੀ ਗਿਣਤੀ—
ਫਰਾਂਸ 'ਚ ਹੁਣ ਤਕ 2281, ਜਰਮਨੀ 'ਚ 1908, ਜਾਪਾਨ 'ਚ 568, ਸਪੇਨ 'ਚ 2277, ਸਵਿਟਜ਼ਰਲੈਂਡ 'ਚ 652, ਬ੍ਰਿਟੇਨ 'ਚ 460, ਨੀਦਰਲੈਂਡ 'ਚ 503, ਬੈਲਜੀਅਮ 'ਚ 314, ਸਵੀਡਨ 'ਚ 500, ਸਿੰਗਾਪੁਰ 'ਚ 178, ਨਾਰਵੇ 'ਚ 489, ਹਾਂਗਕਾਂਗ 'ਚ 129, ਆਸਟਰੀਆ 'ਚ 246, ਚੈੱਕ ਗਣਰਾਜ 'ਚ 91, ਮਲੇਸ਼ੀਆ 'ਚ 149, ਆਸਟ੍ਰੇਲੀਆ 'ਚ 128, ਯੂਨਾਨ 'ਚ 99, ਕੁਵੈਤ 'ਚ 72, ਕੈਨੇਡਾ 'ਚ 93, ਇਰਾਕ 'ਚ 71, ਥਾਈਲੈਂਡ 'ਚ 59, ਬਹਿਰੀਨ 'ਚ 189, ਮਿਸਰ 'ਚ 59, ਆਈਸਲੈਂਡ 'ਚ 85, ਤਾਇਵਾਨ 'ਚ 45, ਸੰਯੁਕਤ ਅਰਬ ਅਮੀਰਾਤ 'ਚ 74, ਡੈਨਮਾਰਕ 'ਚ 514, ਵੀਅਤਨਾਮ 'ਚ 38, ਕਰੂਜ਼ ਜਹਾਜ਼ 'ਚ 21, ਇਜ਼ਰਾਇਲ 'ਚ 97, ਬ੍ਰਾਜ਼ੀਲ 'ਚ 52, ਆਇਰਲੈਂਡ 'ਚ 43, ਫਿਨਲੈਂਡ 'ਚ 59, ਪੇਰੂ 'ਚ 11, ਅਲਜੀਰੀਆ 'ਚ 20, ਓਮਾਨ 'ਚ 18, ਵੈਸਟ ਬੈਂਕ ਅਤੇ ਗਾਜ਼ਾ ਪੱਟੀ 'ਚ 25, ਲੈਬਨਾਨ 'ਚ 61, ਇਕਵਾਡੋਰ 'ਚ 14, ਕਤਰ 'ਚ 18, ਰੂਸ 'ਚ 20, ਕ੍ਰੋਏਸ਼ੀਆ ਅਤੇ ਜਾਰਜੀਆ 'ਚ 12-12, ਸਾਊਦੀ ਅਰਬ 'ਚ 45, ਐਸਟੋਨੀਆ ਅਤੇ ਮਕਾਊ 'ਚ 10-10 ਅਤੇ ਚਿਲੀ 'ਚ ਪੰਜ ਅਤੇ ਅਰਜਨਟੀਨਾ 'ਚ 19 ਲੋਕ ਇਨਫੈਕਟਡ ਹਨ। ਖਤਰਨਾਕ ਕੋਰੋਨਾ ਵਾਇਰਸ ਦੇ ਪ੍ਰਕੋਪ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸੰਯੁਕਤ ਰਾਸ਼ਟਰ ਨੇ ਇਸ ਵਾਇਰਸ ਦੀ ਰੋਕਥਾਮ ਲਈ ਇਕ ਕਰੋੜ 50 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।