ਕੋਰੋਨਾ ਵਾਇਰਸ ਕਾਰਨ ਦੁਨੀਆ ''ਚ ਹੜਕੰਪ, ਆਸਟ੍ਰੇਲੀਆਈ ਸਿੱਖਾਂ ਨੇ ਸੰਭਾਲਿਆ ਮੋਰਚਾ

03/19/2020 2:00:48 PM

ਸਿਡਨੀ, (ਸਨੀ ਚਾਂਦਪੁਰੀ)— ਕੋਰੋਨਾ ਵਾਇਰਸ (#ਕੋਵਿਡ 19 ) ਨਾਲ ਪੂਰੀ ਦੁਨੀਆ ਹੀ ਗ੍ਰਸਤ ਹੋਈ ਪਈ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ । ਕਈ ਦੇਸ਼ਾਂ ਨੇ ਏਅਰਲਾਈਨਜ਼ ਨੂੰ ਅੰਤਰਰਾਸ਼ਟਰੀ ਉਡਾਣਾਂ ਭਰਨ ਤੋਂ ਵੀ ਰੋਕ ਦਿੱਤਾ ਹੈ। ਜਿੱਥੇ ਸਾਰੀ ਦੁਨੀਆ ਇਸ ਕਹਿਰ ਤੋਂ ਡਰੀ ਹੋਈ ਹੈ, ਉੱਥੇ ਹੀ ਗੁਰੂ ਦੇ ਸਿੱਖਾਂ ਵੱਲੋ ਇਸ ਮੁਸ਼ਕਲ ਘੜੀ ਵਿੱਚ ਆਸਟ੍ਰੇਲੀਆ ਵਿੱਚ ਲੰਗਰ ਲਗਾ ਦਿੱਤੇ ਗਏ ਹਨ । ਆਸਟ੍ਰੇਲੀਆ ਵਿੱਚ ਜਿਹੜੇ ਲੋਕ ਰਾਸ਼ਨ ਦੇ ਸਟੋਰਾਂ ਵਿੱਚ ਜਾਣ ਤੋਂ ਅਸਮਰੱਥ ਹਨ, ਜਿਵੇਂ ਅਪਾਹਜ, ਬਜ਼ੁਰਗ ਅਤੇ ਬੀਮਾਰਾਂ ਨੂੰ ਸਿੱਖਾਂ ਵੱਲੋ ਉਨ੍ਹਾਂ ਦੇ ਘਰ ਵਿੱਚ ਹੀ ਰਾਸ਼ਨ ਅਤੇ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ।
PunjabKesari

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਸੁਪਰਮਾਰਕਿਟਾਂ ਵਿੱਚ ਸਾਮਾਨ ਲੈਣ ਲਈ ਲੋਕਾਂ ਨੂੰ ਬਹੁਤ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕੁਝ ਲੋਕ ਤਾਂ ਬਿਨਾ ਸਾਮਾਨ ਹੀ ਘਰ ਵਾਪਸ ਪਰਤ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਦੀ ਵਰਤੋਂ ਵਾਲ਼ੀਆਂ ਵਸਤਾਂ ਵੀ ਨਹੀਂ ਮਿਲ ਰਹੀਆਂ, ਜਿਸ ਦੀ ਚਿੰਤਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਵੀਡੀਓ ਸੰਦੇਸ਼ ਜਾਰੀ ਕਰ ਕੇ ਕੀਤੀ ਗਈ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕ ਸੁਪਰਮਾਰਕਿਟਾਂ 'ਤੇ ਮਦਦ ਵਾਲਾ ਵਿਵਹਾਰ ਵਰਤਣ ਅਤੇ ਇਕੋ ਵਾਰ ਇਕੱਠਾ ਰਾਸ਼ਨ ਨਾ ਲੈ ਜਾਣ ਤੇ ਹੋਰਾਂ ਦੀ ਵੀ ਵਾਰੀ ਆਉਣ ਦੇਣ। ਇਸ ਨਾਲ ਬਜ਼ੁਰਗਾਂ ਅਪਾਹਜਾਂ ਅਤੇ ਜੋ ਲੋਕ ਹਫ਼ਤੇ ਵਿੱਚ ਮਸਾਂ ਇੱਕ ਵਾਰ ਗਰੌਸਰੀ ਸਟੋਰਾਂ 'ਤੇ ਜਾ ਪਾਉਂਦੇ ਸਨ, ਨੂੰ ਵੀ ਘੰਟਿਆਂ ਤਕ ਸਾਮਾਨ ਲੈਣ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ।

PunjabKesari

ਇਸ ਨੂੰ ਦੇਖਦੇ ਹੋਏ ਸਿੱਖਾਂ ਵੱਲੋਂ ਇਹ ਲੰਗਰ ਲਗਾਏ ਗਏ ਹਨ, ਜਿਸ ਦੀ ਹਰ ਪਾਸੇ ਸਿਫਤ ਹੋ ਰਹੀ ਹੈ ।ਇਸ ਮੌਕੇ 'ਟਰਬਨ ਫੌਰ ਆਸਟ੍ਰੇਲੀਆ' ਦੇ ਮੈਂਬਰ ਅਮਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਰੂ ਵੱਲੋਂ ਹੀ ਇਹ ਸਿੱਖ ਦਿੱਤੀ ਗਈ ਹੈ ਕਿ ਜ਼ਰੂਰਤ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ।

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਸਾਡੀ ਟੀਮ ਦੇ ਮੈਂਬਰਾਂ ਵੱਲੋਂ ਜ਼ਰੂਰਮੰਦ ਲੋਕਾਂ ਨੂੰ ਜੋ ਕਿ ਬਜ਼ੁਰਗ ਅਪਾਹਜ ਅਤੇ ਬੀਮਾਰ ਹਨ, ਨੂੰ ਸਾਡੇ ਵੱਲੋਂ ਖਾਣਾ ਅਤੇ ਰਸਦ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਦੁਪਹਿਰ ਤੋਂ ਖਾਣਾ ਬਣਾਉਣ ਵਿੱਚ ਜੁੱਟ ਜਾਂਦੀ ਹੈ ਅਤੇ ਸ਼ਾਮ ਦੇ 6 ਤੋਂ 9 ਵਜੇ ਤੱਕ ਲੰਗਰ ਅਤੇ ਰਸਦ ਲੋੜਵੰਦਾਂ ਨੂੰ ਮੁਹੱਈਆ ਕਰਵਾ ਰਹੀ ਹੈ । ਉਹ ਇਸ ਦੁੱਖ ਦੀ ਘੜੀ 'ਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਨਾਲ ਅਮਰ ਸਿੰਘ, ਦਲਜੀਤ ਸਿੰਘ, ਸਤਬੀਰ ਸਿੰਘ, ਜਸਬੀਰ ਸਿੰਘ, ਜਗਦੀਸ਼ ਸਿੰਘ, ਮਨੋਹਰ ਸਿੰਘ ਅਤੇ ਰਮਨਦੀਪ ਸਿੰਘ ਵੀ ਮੌਜੂਦ ਸਨ ।


Lalita Mam

Content Editor

Related News