ਸਨਕੀ ਪ੍ਰੇਮੀ ਬਣਿਆ ਪ੍ਰੇਮਿਕਾ ਲਈ ਯੱਬ, ਬਦਲੀਆਂ 60 ਸ਼ਿਫਟਾਂ

03/26/2019 8:52:59 PM

ਲੰਡਨ— ਬ੍ਰਿਟੇਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਪ੍ਰੇਮਿਕਾ ਨੂੰ ਆਪਣੇ ਸਨਕੀ ਪ੍ਰੇਮੀ ਕਾਰਨ 60 ਵਾਰ ਕੰਮ 'ਤੇ ਸ਼ਿਫਟਾਂ ਬਦਲਨੀਆਂ ਪੈ ਗਈਆਂ। 27 ਸਾਲਾ ਹਾਨਾਹ ਵੈੱਬ ਇਕ ਕੇਅਰ ਵਰਕਰ ਵਜੋਂ ਕੰਮ ਕਰਦੀ ਸੀ।

ਮਾਮਲਾ ਬ੍ਰਿਟੇਨ ਦੇ ਬ੍ਰਾਊਨਮਾਊਥ ਦਾ ਹੈ, ਜਿਥੇ ਹਾਨਾਹ ਕੀਰਕ ਰੋਦਰਹਮ ਨਾਂ ਦੇ ਲੜਕੇ ਨਾਲ ਰਿਲੇਸ਼ਨਸ਼ਿਪ 'ਚ ਸੀ। ਕੀਰਕ ਨੂੰ ਹਾਨਾਹ ਦਾ ਮੁੰਡਿਆਂ ਦੇ ਨੇੜੇ ਰਹਿਣਾ ਤੇ ਕੰਮ ਕਰਨਾ ਪਸੰਦ ਨਹੀਂ ਸੀ। ਇਸ ਕਾਰਨ ਉਹ ਉਸ ਨੂੰ ਹਮੇਸ਼ਾ ਆਪਣੀ ਲੋਕੇਸ਼ਨ ਤੇ ਮੌਕੇ ਦੀਆਂ ਤਸਵੀਰਾਂ ਭੇਜਣ ਲਈ ਤੰਗ ਕਰਦਾ ਰਹਿੰਦਾ ਸੀ। ਕੀਰਕ ਹਮੇਸ਼ਾ ਹਾਨਾਹ ਦਾ ਫੋਨ ਚੈੱਕ ਕਰਦਾ ਤੇ ਉਸ ਦੇ ਟੈਕਸਟ ਮੈਸੇਜ ਤੇ ਕਾਲਾਂ 'ਤੇ ਨਜ਼ਰ ਰੱਖਦਾ ਸੀ। ਹਾਨਾਹ ਜਦੋਂ ਵੀ ਕਿਸੇ ਮੇਲ ਮਰੀਜ਼ ਦੀ ਦੇਖਭਾਲ ਕਰ ਰਹੀ ਹੁੰਦੀ ਤਾਂ ਕੀਰਕ ਉਸ ਨੂੰ ਸ਼ਿਫਟ ਬਦਲਣ ਲਈ ਮਜਬੂਰ ਕਰਦਾ। ਕੀਰਕ ਵਲੋਂ ਲਗਾਤਾਰ ਤੰਗ ਕਰਨ ਕਾਰਨ ਉਸ ਨੇ 60 ਵਾਰ ਆਪਣੀ ਸ਼ਿਫਟ ਬਦਲ ਲਈ।

ਕੀਰਕ ਨੇ ਪੰਜਾਂ ਘੰਟਿਆਂ 'ਚ ਹਾਨਾਹ ਨੂੰ 56 ਵਾਰ ਮੈਸੇਜ ਤੇ ਕਾਲਾਂ ਕੀਤੀਆਂ, ਜਿਸ ਤੋਂ ਤੰਗ ਆ ਕੇ ਹਾਨਾਹ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਹਾਨਾਹ ਤੇ ਕੀਰਕ ਦਾ ਰਿਸ਼ਤਾ ਅਪ੍ਰੈਲ 2017 ਤੋਂ ਜਨਵਰੀ 2018 ਤੱਕ ਚੱਲਿਆ। ਕੋਰਟ 'ਚ ਪੇਸ਼ੀ ਦੌਰਾਨ ਬ੍ਰਾਊਨਮਾਊਥ ਕੋਰਟ ਦੇ ਜੱਜ ਨੇ ਕਿਹਾ ਕਿ ਦੋਸ਼ੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਹਾਲਾਂਕਿ ਕੀਰਕ ਖਿਲਾਫ ਇਸ ਤੋਂ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ।

ਇਸ ਇਕ ਵੱਖਰੀ ਤਰ੍ਹਾਂ ਦੇ ਮਾਮਲੇ 'ਚ ਕੋਰਟ ਨੇ ਕੀਰਕ ਨੂੰ ਤਿੰਨ ਸਾਲਾਂ 'ਚ 200 ਘੰਟੇ ਬਿਨਾਂ ਤਨਖਾਹ ਕਮਿਊਨਿਟੀ ਦੀ ਸੇਵਾ ਕਰਨ ਤੇ 'ਬਿਲਡਿੰਗ ਬੈਟਰ ਰਿਲੇਸ਼ਨਸ਼ਿਪ' ਪ੍ਰੋਗਰਾਮ 'ਚ ਹਿੱਸਾ ਲੈਣ ਦਾ ਹੁਕਮ ਦਿੱਤਾ। ਕੀਰਕ ਨੂੰ ਇਸ ਦੇ ਨਾਲ ਹੀ ਸਖਤ ਹਿਦਾਇਤ ਦਿੱਤੀ ਗਈ ਕਿ ਜੇਕਰ ਉਸ ਨੇ ਦੁਬਾਰਾ ਹਾਨਾਹ ਨੂੰ ਤੰਗ ਕੀਤਾ ਤਾਂ ਉਸ ਨੂੰ ਜੇਲ ਦੀ ਹਵਾ ਖਾਣੀ ਪਵੇਗੀ।


Baljit Singh

Content Editor

Related News