ਕੈਨੇਡਾ ਦੀ ਸੰਸਦ ਵਿਚ ਉਡਾਇਆ ਗਿਆ ਪੰਜਾਬੀ ਮੰਤਰੀ ਅਮਰਜੀਤ ਸੋਹੀ ਦਾ ਮਜ਼ਾਕ, ਮਿਲਿਆ ਮੂੰਹ-ਤੋੜ ਜਵਾਬ (ਤਸਵੀਰਾਂ)

02/17/2017 6:17:02 PM

ਐਡਮਿੰਟਨ— ਕੈਨੇਡਾ ਦੇ ਸੰਰਚਨਾ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਅਤੇ ਲਿਬਰਲ ਐੱਮ. ਪੀ. ਅਮਰਜੀਤ ਸੋਹੀ ਕੈਨੇਡਾ ਦੀ ਸੰਸਦ ''ਹਾਊਸ ਆਫ ਕਾਮਨਜ਼'' ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਬੱਸ ਡਰਾਈਵਰੀ ਦੇ ਪੇਸ਼ੇ ਦੀ ਪਿੱਠਭੂਮੀ ਤੋਂ ਆਉਣ ਦਾ ਮਜ਼ਾਕ ਉਡਾਇਆ ਗਿਆ। ਅਮਰਜੀਤ ਸੋਹੀ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿਚ ਟਰਾਂਸਪੋਰਟੇਸ਼ਨ ਦੇ ਮੁੱਦੇ ''ਤੇ ਬੋਲ ਰਹੇ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਿਨੀਪੈੱਗ ਵਿਚ ਬੱਸ ਡਰਾਈਵਰ ਨੂੰ ਛੁਰੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਵੀ ਬੱਸ ਡਰਾਈਵਰ ਰਹਿ ਚੁੱਕੇ ਹਨ ਅਤੇ ਡਰਾਈਵਰਾਂ ਦੀ ਸੁਰੱਖਿਆ ਪੂਰੇ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਸੋਹੀ ਨੇ ਆਪਣੇ ਬੱਸ ਡਰਾਈਵਰ ਦੇ ਪੇਸ਼ੇ ਬਾਰੇ ਦੱਸਿਆ ਹੀ ਸੀ ਕਿ ਹਾਊਸ ਵਿਚ ਮੌਜੂਦ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੱਸਣ ਲੱਗ ਪਏ। ਇਸ ਨੂੰ ਦੇਖ ਕੇ ਲਿਬਰਲ ਅਤੇ ਹੋਰ ਪਾਰਟੀਆਂ ਦੇ ਮੈਂਬਰ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਇਸ ''ਤੇ ਹੱਸਣ ਵਾਲੀ ਕੋਈ ਗੱਲ ਨਹੀਂ ਸੀ। ਅਜਿਹਾ ਵਰਤਾਰਾ ਕੰਜ਼ਰਵੇਟਿਵਾਂ ਦੀ ਘਟੀਆ ਸੋਚ ਨੂੰ ਹੀ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਉਹ ਆਮ ਕੰਮ ਕਰਨ ਵਾਲੇ ਲੋਕਾਂ ਦਾ ਕਿੰਨਾਂ ਕੁ ਸਨਮਾਨ ਕਰਦੇ ਹਨ।
ਇਸ ਬਾਰੇ ਜਦੋਂ ਬਾਅਦ ਵਿਚ ਸੋਹੀ ਤੋਂ ਇਕ ਇੰਟਰਵਿਊ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਛੋਕੜ ''ਤੇ ਮਾਣ ਹੈ। ਜ਼ਿਕਰਯੋਗ ਹੈ ਕਿ ਇਹ ਸਾਬਕਾ ਬੱਸ ਡਰਾਈਵਰ ਸਾਲ 2015 ਵਿਚ ਲਿਬਰਲ ਐੱਮ. ਪੀ. ਬਣਨ ਤੋਂ ਪਹਿਲਾਂ ਦੋ ਵਾਰ ਐਡਮਿੰਟਨ ਦੇ ਸਿਟੀ ਕੌਂਸਲ ਦਾ ਮੈਂਬਰ ਰਹਿ ਚੁੱਕਾ ਹੈ। ਸੋਹੀ ਨੇ ਕਿਹਾ ਕਿ ਕੰਜ਼ਰਵੇਟਿਵਾਂ ਨੂੰ ਸ਼ਾਇਦ ਪਸੰਦ ਨਹੀਂ ਹੈ ਕਿ ਮਜ਼ਦੂਰ ਵਰਗ ਦੇ ਲੋਕਾਂ ਨੂੰ ਵੀ ਸੰਸਦ ਵਿਚ ਬੋਲਣ ਦਾ ਮੌਕਾ ਮਿਲਿਆ ਹੈ ਪਰ ਲਿਬਰਲ ਪਾਰਟੀ ਦਾ ਮਕਸਦ ਆਮ ਲੋਕਾਂ ਨੂੰ ਸੰਸਦ ਵਿਚ ਲਿਆਉਣਾ ਅਤੇ ਆਪਣੇ ਮੁੱਦੇ ਚੁੱਕਣ ਦਾ ਮੌਕਾ ਦੇਣਾ ਹੀ ਹੈ।

Kulvinder Mahi

This news is News Editor Kulvinder Mahi