ਕਾਂਗੋ 'ਚ ਵਾਪਰਿਆ ਰੇਲ ਹਾਦਸਾ, 24 ਲੋਕਾਂ ਦੀ ਮੌਤ ਤੇ 31 ਜ਼ਖਮੀ

03/18/2019 10:02:05 AM

ਕਿਨਹਾਸਾ (ਬਿਊਰੋ)— ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ਵਿਚ ਬੀਤੀ ਰਾਤ ਮਾਲਗੱਡੀ ਪਲਟਣ ਨਾਲ ਰੇਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 24 ਲੋਕਾਂ ਦੇ ਮਾਰੇ ਜਾਣ ਦੀ ਅਤੇ 31 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਲਗੱਡੀ ਪਟੜੀ ਤੋਂ ਉਤਰ ਗਈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਮਰਨ ਵਾਲੇ ਜ਼ਿਆਦਾਤਰ ਲੋਕ ਉਹੀ ਹਨ ਜਿਹੜੇ ਲੁਕ ਕੇ ਮਾਲਗੱਡੀ ਵਿਚ ਸਫਰ ਕਰਦੇ ਹਨ। ਇਹ ਹਾਦਸਾ ਕਸਾਈ ਸੂਬੇ ਵਿਚ ਵਾਪਰਿਆ। ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ 24 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। 

ਰਾਤ ਹੋਣ ਕਾਰਨ ਪੁਲਸ ਨੇ ਲੋਕਾਂ ਨੂੰ ਲੱਭਣ ਦਾ ਕੰਮ ਥੋੜ੍ਹੀ ਦੇਰ ਲਈ ਰੋਕ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਕਈ ਗੱਡੀਆਂ ਲੁੰਬੇ ਨਦੀ ਵਿਚ ਡਿੱਗ ਪਈਆਂ। ਡਾਕਟਰ ਜੀਨ ਕਲਾਉਡੇ ਨੇ ਦੱਸਿਆ,''ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖਮੀ ਹੋਏ ਹਨ। ਅਸੀਂ ਐਮਰਜੈਂਸੀ ਸਥਿਤੀ ਵਿਚ ਕੰਮ ਕਰ ਰਹੇ ਹਾਂ। ਅਸੀਂ ਹਾਲੇ ਤੱਕ 31 ਲੋਕਾਂ ਨੂੰ ਭਰਤੀ ਕੀਤਾ ਹੈ।'' ਇਸ ਘਟਨਾ ਦੀ ਪੁਸ਼ਟੀ ਦੇਸ਼ ਦੀ ਨੈਸ਼ਨਲ ਰੇਲ ਕੰਪਨੀ ਨੇ ਕੀਤੀ ਹੈ। ਇੱਥੇ ਦੱਸ ਦਈਏ ਕਿ ਸੈਂਟਰਲ ਡੀ.ਆਰ.ਸੀ. ਵਿਚ ਇਹ ਤੀਜਾ ਵੱਡਾ ਰੇਲ ਹਾਦਸਾ ਹੈ। ਇਸ ਤੋਂ ਪਹਿਲਾਂ ਬੀਤੇ ਮਹੀਨੇ ਪੈਸੇਂਜਰ ਟਰੇਨ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ।

Vandana

This news is Content Editor Vandana