ਜਲਵਾਯੂ ਪਰਿਵਰਤਨ ''ਤੇ ਚਿੰਤਾ ਪਰ ਪ੍ਰਾਇਵੇਟ ਜੈੱਟ ਰਾਹੀਂ ਦਾਵੋਸ ਪਹੁੰਚੇ ਨੇਤਾ ਤੇ ਕਾਰੋਬਾਰੀ

01/23/2019 12:40:47 AM

ਦਾਵੋਸ — ਦਾਵੋਸ 'ਚ ਇਕੱਠੇ ਹੋਏ ਵਿਸ਼ਵ ਭਰ ਦੇ ਨੇਤਾ, ਉਦਯੋਗਪਤੀ ਅਤੇ ਹੋਰ ਲੋਕ ਜਿੱਥੇ ਇਹ ਦਾਅਵਾ ਕਰਦੇ ਦਿੱਖ ਰਹੇ ਹਨ ਕਿ ਉਹ ਜਲਵਾਯੂ ਪਰਿਵਰਤਨ ਨੂੰ ਲੈ ਕੇ ਪਹਿਲਾਂ ਨਾਲੋਂ ਕਿਤੇ ਵੱਧ ਚਿੰਤਤ ਹਨ। ਉਥੇ ਦੂਜੇ ਪਾਸੇ ਉਹ ਨਿੱਜੀ ਜਹਾਜ਼ਾਂ ਰਾਹੀਂ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਦਾਵੋਸ ਪਹੁੰਚੇ ਰਹੇ ਹਨ। ਇਥੇ ਰਿਕਾਰਡ ਗਿਣਤੀ 'ਚ ਨਿੱਜੀ ਜੈੱਟ ਦਾ ਇਸਤੇਮਾਲ ਡੇਲੀਗੇਸ਼ਨ ਨੇ ਕੀਤਾ ਹੈ। ਏਅਰ ਚਾਰਟਰ ਸਰਵਿਸ (ਏ. ਸੀ. ਐੱਸ.) ਮੁਤਾਬਕ ਹਫਤੇ ਦੌਰਾਨ ਸਵਿਸ ਅਲਪਸ 'ਚ ਦਾਵੋਸ ਹਵਾਈ ਅੱਡੇ 'ਤੇ ਕਰੀਬ 1,500 ਨਿੱਜੀ ਜੈੱਟ ਜਹਾਜ਼ ਲੈਂਡ ਹੋ ਰਹੇ ਹਨ।


ਕਿਸੇ ਵਣਜ ਉਡਾਣ ਦੀ ਬਜਾਏ ਇਥੇ ਆਉਣ ਵਾਲੇ ਨੁਮਾਇੰਦੇ ਨਿੱਜੀ ਜੈੱਟ ਦੀ ਆਰਾਮਦਾਇਕ ਉਡਾਣ ਨੂੰ ਤਰਜੀਹ ਦੇ ਰਹੇ ਹਨ। ਪਿਛਲੇ ਸਾਲ ਡਬਲਯੂ. ਈ. ਐੱਫ. 'ਚ 1300 ਤੋਂ ਵੱਧ ਜਹਾਜ਼ ਇਥੇ ਪਹੁੰਚੇ ਸਨ। ਵੈੱਬਸਾਈਟ ਪ੍ਰਾਇਵੇਟਫਲਾਈ. ਕਾਮ ਨੇ ਤਾਂ ਬਲਾਗ ਪੋਸਟ ਕਰ ਲਿੱਖਿਆ ਹੈ ਕਿ ਇਸ ਹਫਤੇ ਦਾਵੋਸ 'ਚ ਕਰੀਬ 2,000 ਜਹਾਜ਼ ਲੈਂਡ ਅਤੇ ਉਡਾਣ ਭਰਨਗੇ। ਜਿਊਰਿਖ ਦੇ ਹਵਾਈ ਅੱਡੇ 'ਤੇ ਲੈਂਡ ਹੋਣ ਤੋਂ ਬਾਅਦ ਕੁਝ ਨੇਤਾ ਜਾਂ ਕਾਰੋਬਾਰੀ ਕਾਰ ਜਾਂ ਟ੍ਰੇਨ ਰਾਹੀਂ 3 ਘੰਟੇ ਦੀ ਯਾਤਰਾ ਕਰਕੇ ਦਾਵੋਸ ਪਹੁੰਚੇ ਹਨ।


ਉਥੇ ਕੁਝ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਅਤੇ ਨੇਤਾਵਾਂ ਦਾ ਸਮਾਂ ਬਚਾਉਣ ਲਈ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਹੈ। ਏ. ਸੀ. ਐੱਸ. ਦੀ ਨਿੱਜੀ ਜੈੱਟ ਡਾਇਰੈਕਟਰ ਐਂਡੀ ਕ੍ਰਿਸਟੀ ਨੇ ਆਖਿਆ ਕਿ ਦਾਵੋਸ 'ਚ ਇਸ ਹਫਤੇ ਨਿੱਜੀ ਜੈੱਟ ਜਹਾਜ਼ਾਂ ਦੀ ਮੰਗ ਸੁਪਰ ਬਾਊਲ ਜਾਂ ਚੈਂਪੀਅਨਸ ਲੀਗ ਦੇ ਫਾਇਨਲ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਹਾਂਗ-ਕਾਂਗ, ਭਾਰਤ ਅਤੇ ਅਮਰੀਕਾ ਤੋਂ ਬੁਕਿੰਗ ਮਿਲੀ ਹੈ। ਡਬਲਯੂ. ਈ. ਐੱਫ. ਦੇ ਆਯੋਜਕਾਂ ਨੇ ਕਿਹਾ ਕਿ ਉਹ ਇਸ ਸਲਾਨਾ ਮੰਚ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਓ ਬਣਾਉਣ ਦਾ ਯਤਨ ਕਰ ਰਹੇ ਹਨ। ਇਸ ਦੇ ਲਈ ਉਹ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਆਯੋਜਕਾਂ ਦਾ ਆਖਣਾ ਹੈ ਕਿ ਜ਼ਿਆਦਾਤਰ ਨਿੱਜੀ ਜੈੱਟ 'ਚ ਸਰਕਾਰ ਦੇ ਅਧਿਕਾਰੀ ਆ ਰਹੇ ਹਨ। ਵਿਆਨਾ ਸੰਧੀ ਦੇ ਇਸ ਤਰ੍ਹਾਂ ਦੇ ਆਯੋਜਨ 'ਚ ਲੋਕਾਂ ਨੂੰ ਲਿਆਉਣ ਦਾ ਸਭ ਤੋਂ ਪ੍ਰਭਾਵੀ ਅਤੇ ਸੁਰੱਖਿਅਤ ਤਰੀਕਾ ਜਹਾਜ਼ ਹੈ।