ਵਾਨੂਆਤੂ 'ਚ ਸਥਾਈ ਫੌਜੀ ਅੱਡਾ ਸਥਾਪਤ ਕਰਨਾ ਚਾਹੁੰਦਾ ਹੈ ਚੀਨ

04/10/2018 11:23:54 AM

ਬੀਜਿੰਗ— ਚੀਨ ਨੇ ਪ੍ਰਸ਼ਾਂਤ ਖੇਤਰ 'ਚ ਸਥਿਤ ਛੋਟੇ ਜਿਹੇ ਟਾਪੂ ਵਾਨੂਆਤੂ 'ਤੇ ਸਥਾਈ ਰੂਪ 'ਚ ਫੌਜੀ ਅੱਡਾ ਸਥਾਪਤ ਕਰਨ ਨੂੰ ਲੈ ਕੇ ਸੰਪਰਕ ਕੀਤਾ ਹੈ। ਆਸਟਰੇਲੀਆ ਦੇ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੀ ਰਿਪੋਰਟ ਮੁਤਾਬਕ ਚੀਨ ਨੇ ਇਸ ਦਿਸ਼ਾ 'ਚ ਵਾਨੂਆਤੂ ਦੇ ਸਾਹਮਣੇ ਅਜੇ ਰਸਮੀ ਤੌਰ 'ਤੇ ਕੋਈ ਪ੍ਰਸਤਾਵ ਨਹੀਂ ਰੱਖਿਆ ਪਰ ਚੀਨ ਨੇ ਸਥਾਈ ਰੂਪ ਨਾਲ ਆਪਣਾ ਫੌਜੀ ਅੱਡਾ ਸਥਾਪਤ ਕਰਨ ਲਈ ਵਾਨੂਆਤੂ ਨਾਲ ਸ਼ੁਰੂਆਤੀ ਦੌਰ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਚੀਨ ਦੇ ਸਥਾਈ ਫੌਜੀ ਅੱਡਾ ਸਥਾਪਤ ਕਰਨ ਦੀ ਯੋਜਨਾ ਨੂੰ ਲੈ ਕੇ ਆਸਟਰੇਲੀਆ ਅਤੇ ਅਮਰੀਕਾ ਵਿਚਕਾਰ ਉੱਚ ਪੱਧਰੀ ਗੱਲਬਾਤ ਹੋਣ ਦੀ ਵੀ ਰਿਪੋਰਟ ਹੈ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਵਾਨੂਆਤੂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਚੀਨ ਵੱਲੋਂ ਅਜਿਹਾ ਕੋਈ ਪ੍ਰਸਤਾਵ ਨਹੀਂ ਆਇਆ ਹੈ।  ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਜੂਲੀ ਬਿਸ਼ਪ ਨੇ ਵਾਨੂਆਤੂ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਅਧਿਕਾਰੀਆਂ ਨੇ ਉਨ੍ਹਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਸੀ।