ਬ੍ਰਿਟੇਨ ''ਚ ਪ੍ਰਧਾਨ ਮੰਤਰੀ ਦੀ ਚੋਣ ਲਈ 6 ਕੰਜ਼ਰਵੇਟਿਵ ਨੇਤਾਵਾਂ ਵਿਚਾਲੇ ਮੁਕਾਬਲਾ

06/18/2019 5:42:28 PM

ਲੰਡਨ (ਏ.ਐਫ.ਪੀ.)- ਬ੍ਰਿਟੇਨ ਵਿਚ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਕੰਜ਼ਰਵੇਟਿਵ ਪਾਰਟੀ ਦੇ 6 ਨੇਤਾਵਾਂ ਵਿਚਾਲੇ ਮੁਕਾਬਲਾ ਹੈ ਅਤੇ ਇਸ ਲਈ ਮੰਗਲਵਾਰ ਨੂੰ ਦੂਜੇ ਦੌਰ ਦੀ ਵੋਟਿੰਗ ਕਰਵਾਈ ਜਾ ਰਹੀ ਹੈ। ਆਖਰੀ ਦੋ ਉਮੀਦਵਾਰਾਂ ਦਾ ਫੈਸਲਾ ਹਫਤੇ ਦੇ ਅਖੀਰ ਤੱਕ ਹੋਵੇਗਾ। ਅਗਵਾਈ ਦੀ ਲੜਾਈ ਦਾ ਨਤੀਜਾ ਇਹ ਤੈਅ ਕਰ ਸਕਦਾ ਹੈ ਕਿ ਬ੍ਰਿਟੇਨ ਕਿਨ੍ਹਾਂ ਹਾਲਾਤਾਂ ਵਿਚ ਯੂਰਪੀ ਸੰਘ ਛੱਡਦਾ ਹੈ। ਹੁਣ ਦੇ ਪ੍ਰੋਗਰਾਮਾਂ ਮੁਤਾਬਕ ਬ੍ਰਿਟੇਨ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਵੱਖ ਹੋਵੇਗਾ। ਪਾਰਟੀ ਦੇ ਸਾਰੇ 313 ਸੰਸਦ ਮੈਂਬਰ ਗੁਪਤ ਵੋਟਿੰਗ ਵਿਚ ਹਿੱਸਾ ਲੈ ਸਕਦੇ ਹਨ। ਇਸ ਵਿਚ ਆਖਰੀ ਰੂਪ ਨਾਲ ਦੋ ਉਮੀਦਵਾਰਾਂ ਦੀ ਚੋਣ ਕਰਨ ਲਈ ਅੱਗੇ ਦੇ ਦੌਰ ਦੀ ਵੀ ਵੋਟਿੰਗ ਹੋਵੇਗੀ। ਬਾਅਦ ਵਿਚ ਦੋਹਾਂ ਦਾ ਸਾਹਮਣਾ ਪਾਰਟੀ ਦੇ ਇਕ ਲੱਖ 60 ਹਜ਼ਾਰ ਜ਼ਮੀਨੀ ਕਾਰਕੁੰਨਾਂ ਨਾਲ ਹੋਵੇਗਾ।

ਬ੍ਰੈਗਜ਼ਿਟ ਲਈ ਮੁਹਿੰਮ ਚਲਾਉਣ ਵਾਲੇ ਅਤੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਪਿਛਲੇ ਹਫਤੇ ਕਰਵਾਏ ਗਏ ਪਹਿਲੇ ਦੌਰ ਦੀ ਚੋਣ ਵਿਚ 114 ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕੀਤੀ ਹੈ। ਇਹ ਅੰਕੜਾ ਉਨ੍ਹਾਂ ਦੇ ਨੇੜਲੇ ਵਿਰੋਧੀ ਨੂੰ ਮਿਲੇ ਹਮਾਇਤੀ ਦੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਜਾਨਸਨ ਕਹਿ ਚੁੱਕੇ ਹਨ ਕਿ ਉਹ ਲੰਡਨ ਅਤੇ ਬ੍ਰਸੇਲਸ ਵਿਚਾਲੇ ਰਸਮੀ ਸਮਝੌਤੇ ਤੋਂ ਬਿਨਾਂ 31 ਅਕਤੂਬਰ ਨੂੰ ਯੂਰਪੀ ਸੰਘ ਛੱਡਣ ਲਈ ਤਿਆਰ ਹਨ, ਪਰ ਕੋਈ ਸਮਾਂ ਸੀਮਾ ਸੁਰੱਖਿਅਤ ਕਰਨਾ ਪਸੰਦ ਕਰਨਗੇ। ਨੋ ਡੀਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਨਾਲ ਬ੍ਰਿਟੇਨ ਦੀ ਅਰਥਵਿਵਸਥਾ ਵਿਚ ਭੂਚਾਲ ਆ ਜਾਵੇਗਾ ਕਿਉਂਕਿ ਬ੍ਰਿਟੇਨ ਆਪਣੇ ਸਭ ਤੋਂ ਵੱਡੇ ਵਪਾਰਕ ਸਹਿਯੋਗੀ ਦੇ ਨਾਲ ਸਬੰਧ ਤੋੜ ਰਿਹਾ ਹੈ। ਮੰਗਲਵਾਰ ਨੂੰ ਹੋਣ ਵਾਲੇ ਦੂਜੇ ਦੌਰ ਵਿਚ ਜੇਕਰ ਕਿਸੇ ਉਮੀਦਵਾਰ ਨੂੰ 33 ਸੰਸਦ ਮੈਂਬਰਾਂ ਦੀ ਹਮਾਇਤ ਨਹੀਂ ਮਿਲਦੀ ਤਾਂ ਉਹ ਬਾਹਰ ਨਿਕਲ ਜਾਵੇਗਾ। ਦੂਜੇ ਦੌਰ ਦੀ ਵੋਟਿੰਗ ਦਾ ਨਤੀਜਾ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ 10 ਵਜੇ ਐਲਾਨ ਹੋਵੇਗਾ।

Sunny Mehra

This news is Content Editor Sunny Mehra