ਪਾਕਿ ''ਚ ਪਸ਼ਤੂਨ ਭਾਈਚਾਰੇ ''ਚ ਗੁੱਸਾ, ''ਤਾਲਿਬਾਨ'' ਦਫਤਰ ਨੂੰ ਲਾਈ ਅੱਗ

02/08/2018 10:39:13 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਵਜ਼ੀਰ ਆਦਿਵਾਸੀ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਪਸ਼ਤੂਨ ਭਾਈਚਾਰੇ ਵਿਚ ਗੁੱਸਾ ਹੈ। ਲੋਕਾਂ ਨੇ ਗੁੱਸੇ ਵਿਚ 'ਗੁੱਡ ਤਾਲਿਬਾਨ' ਦੇ ਦਫਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਕਥਿਤ ਰੂਪ ਨਾਲ ਇਕ 'ਪੀਸ ਕਮੇਟੀ' ਹੈ, ਜਿਸ ਨੂੰ ਪਾਕਿ ਅਧਿਕਾਰੀਆਂ ਦਾ ਸਮਰਥਨ ਪ੍ਰਾਪਤ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਮਾਰੇ ਗਏ ਇਦਰੀਸ ਵਜ਼ੀਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਇਕ ਸੜਕ ਹਾਦਸੇ ਤੋਂ ਮਗਰੋਂ ਉਸ ਦਾ ਇਕ ਅੱਤਵਾਦੀ ਕਮਾਂਡਰ ਨਾਲ ਝਗੜਾ ਹੋ ਗਿਆ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਅੱਤਵਾਦੀਆਂ ਨੇ ਹੀ 4 ਫਰਵਰੀ ਨੂੰ ਇਦਰੀਸ ਨੂੰ ਮਾਰਿਆ ਸੀ। 
ਇਦਰੀਸ ਦੀ ਹੱਤਿਆ ਮਗਰੋਂ ਟੈਂਕ ਅਤੇ ਡੇਰਾ ਇਜ਼ਮਾਈਲ ਖਾਨ ਵਿਚ ਰਹਿਣ ਵਾਲੇ ਅਹਮਦਜ਼ਈ ਵਜ਼ੀਰ ਦੇ ਆਦਿਵਾਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਕੈਂਪ ਸਥਾਪਿਤ ਕੀਤਾ। ਇਦਰੀਸ ਦੀ ਹੱਤਿਆ ਨੂੰ ਲੈ ਕੇ ਵਾਨਾ ਅਤੇ ਦੱਖਣੀ ਵਜ਼ੀਰਿਸਤਾਨ ਏਜੰਸੀ ਦੇ ਦੂਜੇ ਹਿੱਸਿਆਂ ਵਿਚ ਵੀ ਸਾਥੀ ਆਦਿਵਾਸੀਆਂ ਨੇ ਵਿਰੋਧ ਕੀਤਾ ਅਤੇ ਡੇਰਾ ਇਜ਼ਮਾਈਲ ਖਾਨ ਵਿਚ ਹੋ ਰਹੇ ਪ੍ਰਦਰਸ਼ਨ ਵਿਚ ਭਾਗ ਲਿਆ। 
ਅੱਤਵਾਦੀ ਜਿਨ੍ਹਾਂ ਨੇ ਇਦਰੀਸ ਦੀ ਹੱਤਿਆ ਕੀਤੀ ਸੀ, ਉਹ ਕਥਿਤ ਰੂਪ ਨਾਲ 'ਗੁੱਡ ਤਾਲਿਬਾਨ' ਦੇ ਮੈਂਬਰ ਸਨ। ਸਥਾਨਕ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ 4 ਫਰਵਰੀ ਨੂੰ ਜ਼ਿਲੇ ਦੇ ਸ਼ੇਖ ਯੁਸੂਫ ਅੱਡਾ ਇਲਾਕੇ ਵਿਚ ਨੌਜਵਾਨਾਂ ਵਿਚਕਾਰ ਹੋਏ ਝਗੜੇ ਮਗਰੋਂ ਇਕ ਗੁੱਟ ਨੇ ਗੋਲੀਬਾਰੀ ਕੀਤੀ ਸੀ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਅਤੇ ਮੁੱਖ ਸ਼ੱਕੀ ਸ਼ੇਰ ਖਾਨ ਮਹਿਮੂਦ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਸ਼ੱਕੀਆਂ ਦੀ ਤਲਾਸ਼ ਜਾਰੀ ਹੈ।