ਆਸਟ੍ਰੇਲੀਆ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼

04/05/2018 5:55:09 AM

ਗੋਲਡ ਕੋਸਟ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ 2018 ਦਾ ਬਹੁਤ ਹੀ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ। ਰਾਸ਼ਟਰਮੰਡਲ ਖੇਡਾਂ ਦੇ ਆਗਾਜ਼ ਲਈ ਆਯੋਜਕਾਂ ਵਲੋਂ ਉਦਘਾਟਨੀ ਸਮਾਰੋਹ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਵਾਹ ਲਾਈ ਗਈ ਨਜ਼ਰ ਆ ਰਹੀ ਹੈ। ਗੋਲਡ ਕੋਸਟ ਦੇ ਕੈਰਾਰਾ ਸਟੇਡੀਅਮ 'ਚ ਉਦਘਾਟਨ ਸਮਾਰੋਹ ਕੀਤਾ ਗਿਆ।

ਸਟੇਡੀਅਮ ਵਿਚ ਜਗਮਗਾਉਂਦੀ ਧਰਤੀ 'ਤੇ ਆਸਟ੍ਰੇਲੀਆ ਦੇ ਨਕਸ਼ੇ ਨੂੰ ਉਕੇਰ ਕੇ 21ਵੀਂ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ 'ਚ ਮੇਜ਼ਬਾਨ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਝਲਕ ਨੇ ਦੁਨੀਆ ਨੂੰ ਮੰਤਰ ਮੁਗਧ ਕਰ ਦਿੱਤਾ। ਸਟੇਡੀਅਮ 'ਚ ਜਿਵੇਂ ਹੀ ਧਰਤੀ ਦੀ ਨੀਲੀ ਰੌਸ਼ਨੀ 'ਚ ਜਗਮਗਾਉਂਦੀ ਝਲਕ ਦਿਖਾਈ ਦਿੱਤੀ ਤਾਂ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ।


ਇੱਥੇ ਦੱਸ ਦੇਈਏ ਕਿ 11 ਦਿਨਾਂ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ 'ਚ 71 ਦੇਸ਼ਾਂ ਦੇ 6600 ਖਿਡਾਰੀ 23 ਖੇਡਾਂ 'ਚ  ਹਿੱਸਾ ਲੈਣਗੇ, ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਖਿਡਾਰੀ ਖੇਡਾਂ 'ਚ 275 ਸੋਨ ਤਮਗਿਆਂ ਲਈ ਜ਼ੋਰ ਅਜਮਾਇਸ਼ ਕਰਨਗੇ। ਮਾਣ ਵਾਲੀ ਗੱਲ ਹੈ ਕਿ ਸਟੇਡੀਅਮ 'ਚ ਭਾਰਤੀ ਖਿਡਾਰਣ ਪੀ. ਵੀ. ਸਿੰਧੂ ਭਾਰਤ ਦਾ ਝੰਡਾ ਲੈ ਕੇ ਪਹੁੰਚੀ। ਇਸ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਖਿਡਾਰੀ ਵੀ ਆਪਣੇ-ਆਪਣੇ ਦੇਸ਼ ਦੇ ਝੰਡਿਆਂ ਨਾਲ ਸਟੇਡੀਅਮ 'ਚ ਪਹੁੰਚੇ। 


ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ, ਬ੍ਰਿਟੇਨ ਦੇ ਪ੍ਰਿੰਸ ਚਾਲਰਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੇ ਪ੍ਰਧਾਨ ਪੀਟਰ ਬਿਏਟੀ ਮੰਚ 'ਤੇ ਪਹੁੰਚੇ। ਸਟੇਡੀਅਮ ਵਿਚ 71 ਦੇਸ਼ਾਂ ਦੇ ਖਿਡਾਰੀ ਮਾਰਚ ਪਾਸ ਕਰਦੇ ਹੋਏ ਪਹੁੰਚੇ।