ਕੋਲੋਰਾਡੋ ਦੀ ਅੱਗ ਹੋਈ ਬੇਕਾਬੂ, ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਿਆ ਲਪੇਟ ''ਚ

10/23/2020 9:21:50 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕੋਲੋਰਾਡੋ ਵਿਚ ਲੱਗੀ ਅੱਗ ਬੇਕਾਬੂ ਹੁੰਦੀ ਜਾ ਰਹੀ ਹੈ। ਇਹ ਖੇਤਰ ਪਹਿਲਾਂ ਹੀ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਨਾਲ ਜੂਝ ਰਿਹਾ ਹੈ ਜਦਕਿ ਹੁਣ ਇਕ ਹੋਰ ਭੜਕਦੀ ਅੱਗ ਦੇ ਧਮਾਕੇ ਨੇ ਇਸ ਵਿਚ ਤੇਲ ਪਾਉਣ ਦਾ ਕੰਮ ਕੀਤਾ ਹੈ।

ਇਸ ਅੱਗ ਨੇ ਇਕ ਦਿਨ ਵਿਚ 100,000 ਏਕੜ ਤੋਂ ਵੀ ਵੱਧ ਖੇਤਰ ਸਾੜ ਦਿੱਤਾ ਹੈ। ਅੱਗ ਦੀਆਂ ਲਾਟਾਂ  ਨੇ ਪੂਰਬ ਵੱਲ ਵਧਦਿਆਂ ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਪੇਟ ਵਿਚ ਲੈ ਲਿਆ ਹੈ। ਇਸ ਅੱਗ ਨੂੰ ਈਸਟ ਟ੍ਰਬਲਸਮ ਕਿਹਾ ਗਿਆ ਹੈ, ਜਿਸ ਨੇ 125,000 ਏਕੜ ਪ੍ਰਭਾਵਿਤ ਕੀਤੇ ਹਨ ,ਇਸ ਦੇ ਨਾਲ ਹੀ 40,000 ਫੁੱਟ ਲੰਬੇ ਧੂੰਏਂ ਨੇ ਗ੍ਰੈਂਡ ਲੇਕ ਨੇੜਲੇ ਸ਼ਹਿਰ ਨੂੰ ਖਾਲੀ ਕਰਵਾਉਣ ਲਈ ਵੀ ਮਜਬੂਰ ਕੀਤਾ ਹੈ।

ਈਸਟ ਟ੍ਰਬਲਸਮ ਹੁਣ ਕੋਲੋਰਾਡੋ ਦੇ ਰਿਕਾਰਡਾਂ ਵਿਚ ਚੌਥੀ ਸਭ ਤੋਂ ਵੱਡੀ ਜੰਗਲੀ ਅੱਗ ਹੈ ਜਿਹੜੀ 14 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ ਬੁੱਧਵਾਰ ਨੂੰ ਇਹ ਅਕਾਰ ਵਿਚ ਚੌਗੁਣੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੋਲੋਰਾਡੋ ਦੇ ਇਤਿਹਾਸ ਦੀਆਂ ਪੰਜ ਸਭ ਤੋਂ ਵੱਡੀਆਂ ਅੱਗਾਂ ਵਿਚੋਂ ਤਿੰਨ 2020 ਵਿਚ ਲੱਗੀਆਂ ਹਨ। ਇਹ ਸੂਬਾ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਕੈਮਰਨ ਪੀਕ ਨਾਲ ਵੀ ਜੂਝ ਰਿਹਾ ਹੈ ਜਿਹੜੀ ਤਕਰੀਬਨ 2,07,000 ਏਕੜ ਵਿਚ ਫੈਲ ਗਈ ਹੈ।

Sanjeev

This news is Content Editor Sanjeev