ਮਾਊਂਟ ਐਵਰੈਸਟ ਨੂੰ ਫਤਿਹ ਕਰਨ ਦਾ ਸੁਪਨਾ ਸੱਚ ਹੁੰਦਿਆਂ ਹੀ ਹੋਈ ਮੌਤ

05/28/2019 10:22:11 AM

ਕੋਲੋਰਾਡੋ— ਮਾਊਂਟ ਐਵਰੈਸਟ ਫਤਿਹ ਕਰਨ ਦੇ ਕੁੱਝ ਘੰਟੇ ਬਾਅਦ ਹੀ ਕੋਲੋਰਾਡੋ ਦੇ ਪਰਬਤਾਰੋਹੀ ਦੀ ਮੌਤ ਹੋ ਗਈ। ਪੱਛਮੀ-ਅਮਰੀਕਾ ਦੇ ਕੋਲੋਰਾਡੋ 'ਚ ਰਹਿਣ ਵਾਲੇ ਪਰਬਤਾਰੋਹੀ ਕ੍ਰਿਸਟੋਫਰ ਕੁਲੀਸ਼ ਦੀ ਇੱਛਾ ਸੀ ਕਿ ਉਹ ਮਾਊਂਟ ਐਵਰੈਸਟ ਨੂੰ ਫਤਿਹ ਕਰੇ ਅਤੇ ਹਰ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਛੂਹ ਕੇ ਆਪਣਾ ਸੁਪਨਾ ਪੂਰਾ ਕਰੇ। ਉਸ ਦਾ ਸੁਪਨਾ ਸੱਚ ਤਾਂ ਹੋਇਆ ਪਰ ਕੁਝ ਹੀ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। 

ਪਰਬਤਾਰੋਹੀ ਕ੍ਰਿਸਟੋਫਰ ਕੁਲੀਸ਼ ਦੇ ਭਰਾ ਮਾਰਕ ਕੁਲੀਸ਼ ਨੇ ਇੱਥੇ ਇਸ ਦੀ ਜਾਣਕਾਰੀ ਦਿੱਤੀ। ਮਾਰਕ ਨੇ ਦੱਸਿਆ ਕਿ 62 ਸਾਲਾ ਕ੍ਰਿਸਟੋਫਰ ਦੀ ਮਾਊਂਟ ਐਵਰੈਸਟ ਤੋਂ ਉਤਰਨ ਦੌਰਾਨ ਇਕ ਕੈਂਪ 'ਚ ਸੋਮਵਾਰ ਨੂੰ ਮੌਤ ਹੋ ਗਈ। ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਮਾਰਕ ਨੇ ਦੱਸਿਆ ਕਿ ਕ੍ਰਿਸਟੋਫਰ ਇਕ ਛੋਟੇ ਸਮੂਹ ਨਾਲ ਐਵਰੈਸਟ ਦੀ ਚੋਟੀ 'ਤੇ ਪੁੱਜਾ ਸੀ। ਮਾਰਕ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੇ ਭਰਾ ਨੇ ਧਰਤੀ ਦੀ ਸਭ ਤੋਂ ਉੱਚੀ ਚੋਟੀ ਤੋਂ ਆਪਣੇ ਜੀਵਨ ਦਾ ਆਖਰੀ ਸੂਰਜ ਦੇਖਿਆ। ਉਸ ਸਮੇਂ ਉਹ ਹਰ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕਰਕੇ '7 ਸਮਿਟ ਕਲੱਬ' 'ਚ ਵੀ ਸ਼ਾਮਲ ਹੋ ਗਿਆ ਸੀ।