3 ਬੱਚਿਆਂ ਸਮੇਤ ਜੰਗਲ 'ਚ ਲਾਪਤਾ ਹੋਈ ਮਹਿਲਾ, ਇੰਝ ਬਚੀ ਜਾਨ (ਤਸਵੀਰਾਂ)

01/29/2020 10:23:11 AM

ਬੋਗੋਟਾ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਜਿਸ ਨੂੰ ਰੱਬ ਰੱਖੇ, ਮੌਤ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦੀ। ਅਜਿਹਾ ਹੀ ਕੁਝ ਇਕ ਪਰਿਵਾਰ ਨਾਲ ਬੀਤਿਆ ਜੋ ਜੰਗਲ ਵਿਚ ਛੁੱਟੀਆਂ ਮਨਾਉਣ ਗਿਆ ਸੀ ਪਰ ਰਸਤਾ ਭਟਕ ਗਿਆ। ਕੋਲੰਬੀਆ ਦੇ ਜੰਗਲਾਂ ਵਿਚ ਛੁੱਟੀਆਂ ਮਨਾਉਣ ਪਹੁੰਚਿਆ ਇਕ ਪਰਿਵਾਰ ਰਸਤਾ ਭਟਕ ਗਿਆ। ਉਹਨਾਂ ਨੂੰ ਕਰੀਬ 34 ਦਿਨ ਬਾਅਦ ਕੋਲੰਬੀਆਈ ਨੇਵੀ ਨੇ ਬਚਾਇਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਇਲਾਜ ਮਗਰੋਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਲ ਸੈਨਾ ਬਲ ਦੇ ਕਮਾਂਡਰ ਜਨਰਲ ਸਰਜੀਓ ਅਲਫ੍ਰੇਡੋ ਨੇ ਕਿਹਾ,''40 ਸਾਲ ਦੀ ਮਹਿਲਾ ਅਤੇ ਉਸ ਦੇ 3 ਬੱਚੇ 19 ਦਸੰਬਰ ਨੂੰ ਛੁੱਟੀਆਂ ਮਨਾਉਣ ਗਏ ਸਨ। ਬੱਚਿਆਂ ਦੀ ਉਮਰ 10,12 ਅਤੇ 14 ਸਾਲ ਹੈ।

ਰਾਤ ਹੋ ਜਾਣ ਕਾਰਨ ਉਹ ਰਸਤਾ ਭਟਕ ਗਏ ਅਤੇ ਕੋਲੰਬੀਆ-ਪੇਰੂ ਸੀਮਾ ਨੇੜੇ ਲਾਪਤਾ ਹੋ ਗਏ। ਜਿਉਂਦੇ ਰਹਿਣ ਲਈ ਉਹਨਾਂ ਨੇ ਜੰਗਲੀ ਜਾਮਣਾਂ ਖਾਧੀਆਂ ਅਤੇ ਪਾਣੀ ਪੀ ਕੇ ਦਿਨ ਬਿਤਾਏ।''

ਉਹਨਾਂ ਨੇ ਅੱਗੇ ਦੱਸਿਆ,''ਮਹਿਲਾ ਆਪਣੇ ਬੱਚਿਆਂ ਸਮੇਤ ਜੰਗਲਾਂ ਵਿਚ ਨੰਗੇ ਪੈਰ ਭਟਕਦੀ ਰਹੀ। ਜਾਨਵਰਾਂ ਦੇ ਡਰ ਨਾਲ ਉਹਨਾਂ ਨੇ ਰੁੱਖਾਂ 'ਤੇ ਰਾਤਾਂ ਬਿਤਾਈਆਂ।ਇਸ ਵਿਚ ਉਹ ਪੇਰੂ ਬਾਰਡਰ ਵੀ ਪਾਰ ਕਰ ਗਏ ਸਨ।''

ਉੱਧਰ ਪਰਿਵਾਰ ਦੇ ਨਾਲ ਗਏ ਸੈਲਾਨੀਆਂ ਦਾ ਦਲ ਵਾਪਸ ਆਇਆ ਤਾਂ ਉਹਨਾਂ ਨੇ ਇਸ ਗੱਲ ਦੀ ਜਾਣਾਕਰੀ ਦਿੱਤੀ। ਇਸ ਦੇ ਬਾਅਦ ਹੀ ਉਹਨਾਂ ਨੂੰ ਲੱਭਣ ਦੀ ਮੁਹਿੰਮ ਸ਼ੁਰੂ ਹੋਈ ਅਤੇ 34 ਦਿਨ ਬਾਅਦ ਉਹਨਾਂ ਨੂੰ ਬਚਾਇਆ ਗਿਆ।

Vandana

This news is Content Editor Vandana