ਇਸ ਦੇਸ਼ ''ਚ ਤਾਲਾਬੰਦੀ ਦੀ ਪਾਲਣਾ ਨਾ ਕਰਨ ''ਤੇ ਕੀਤੇ ਜਾ ਰਹੇ ਹਨ ਕਤਲ

07/16/2020 6:28:07 PM

ਕੋਲੰਬੀਆ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਤਾਲਾਬੰਦੀ ਲਾਗੂ ਕੀਤੀ ਗਈ ਹੈ। ਕਈ ਦੇਸ਼ਾਂ ਨੇ ਤਾਲਾਬੰਦੀ ਵਿਚ ਢਿੱਲ ਦਿੱਤੀ ਹੈ ਜਦਕਿ ਕੁਝ ਦੇਸ਼ਾਂ ਨੇ ਮੁੜ ਤਾਲਾਬੰਦੀ ਲਗਾਈ ਹੋਈ ਹੈ। ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਤਾਲਾਬੰਦੀ ਦੇ ਨਿਯਮ ਨਾ ਮੰਨਣ ਵਾਲਿਆਂ ਦੀ ਹੱਤਿਆ ਕਰ ਦਿੱਤੀ ਜਾ ਰਹੀ ਹੈ। ਅਫਸੋਸਜਨਕ ਗੱਲ ਇਹ ਹੈ ਕਿ ਇਸ ਦੇਸ਼ ਦੀ ਸਰਕਾਰ ਵੀ ਇਹਨਾਂ ਹੱਤਿਆਵਾਂ ਨੂੰ ਰੋਕਣ ਵਿਚ ਅਸਫਲ ਸਾਬਤ ਹੋ ਰਹੀ ਹੈ।

ਇਹ ਦੇਸ਼ ਕੋਲੰਬੀਆ ਹੈ। ਇੱਥੇ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਤਾਲਾਬੰਦੀ ਲਾਗੂ ਹੈ ਪਰ ਇੱਥੋਂ ਦੇ ਡਰੱਗ ਮਾਫੀਆ ਨੇ ਆਪਣਾ ਵੱਖਰੀ ਤਾਲਾਬੰਦੀ ਘੋਸ਼ਿਤ ਕੀਤੀ ਹੋਈ ਹੈ। ਜੋ ਇਸ ਤਾਲਾਬੰਦੀ ਨੂੰ ਨਹੀਂ ਮੰਨ ਰਿਹਾ, ਡਰੱਗ ਮਾਫੀਆ ਉਸ ਦੀ ਹੱਤਿਆ ਕਰ ਰਹੇ ਹਨ। ਹੁਣ ਤੱਕ ਤਾਲਾਬੰਦੀ ਨਿਯਮ ਨਾ ਮੰਨਣ ਵਾਲੇ 8 ਲੋਕਾਂ ਨੂੰ ਮਾਰ ਦਿੱਤਾ ਗਿਆ ਹੈ।

ਦੀ ਗਾਰਡੀਅਨ ਵਿਚ ਪ੍ਰਕਾਸ਼ਿਤ ਹਿਊਮਨ ਰਾਈਟ ਵਾਚ ਦੀ ਰਿਪੋਰਟ ਦੇ ਮੁਤਾਬਕ ਹਥਿਆਰਬੰਦ ਡਰੱਗ ਮਾਫੀਆ ਸਮੂਹ ਲੋਕਾਂ ਨੂੰ ਵਟਸਐਪ ਅਤੇ ਪਰਚਿਆਂ ਜ਼ਰੀਏ ਤਾਲਾਬੰਦੀ ਦੇ ਨਿਯਮ ਸਖਤੀ ਨਾਲ ਮੰਨਣ ਲਈ ਕਹਿ ਰਹੇ ਹਨ। ਇਹਨਾਂ ਵਿਚੋਂ ਕੁਝ ਡਰੱਗ ਮਾਫੀਆ ਤਾਂ 50 ਸਾਲ ਤੋਂ ਜ਼ਿਆਦਾ ਪੁਰਾਣੇ ਹਨ। ਇਹ ਡਰੱਗ ਮਾਫੀਆ ਜ਼ਿਆਦਾਤਰ ਪੇਂਡੂ ਇਲਾਕਿਆਂ ਵਿਚ ਲੋਕਾਂ 'ਤੇ ਅੱਤਿਆਚਾਰ ਕਰ ਰਹੇ ਹਨ। ਸਭ ਤੋਂ ਬੁਰੀ ਹਾਲਤ ਤੁਮਾਕੋ ਸ਼ਹਿਰ ਦੀ ਹੈ। ਇਹ ਇਕ ਅਜਿਹਾ ਬੰਦਰਗਾਹ ਹੈ ਜਿੱਥੇ ਰੋਜ਼ਾਨਾ ਡਰੱਗ ਮਾਫੀਆਵਾਂ ਅਤੇ ਪੁਲਸ ਵਿਚਾਲੇ ਹਿੰਸਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। 

ਤੁਮਾਕੋ ਸ਼ਹਿਰ ਵਿਚ ਡਰੱਗ ਮਾਫੀਆ ਨੇ ਆਮ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਨਦੀ ਵਿਚ ਮੱਛੀ ਫੜਨ ਨਹੀਂ ਜਾਣਗੇ। ਸ਼ਾਮ 5 ਵਜੇ ਦੇ ਬਾਅਦ ਕੋਈ ਦੁਕਾਨ ਜਾਂ ਬਾਜ਼ਾਕ ਨਹੀਂ ਖੁੱਲ੍ਹੇਗਾ। ਨਾ ਹੀ ਕੋਈ ਰੇਹੜੀ ਵਾਲਾ ਆਪਣਾ ਠੇਲਾ ਲਗਾਏਗਾ। ਜੇਕਰ ਅਜਿਹਾ ਹੋਇਆ ਤਾਂ ਬਿਨਾਂ ਪੁੱਛੇ ਗੋਲੀ ਮਾਰ ਦਿੱਤੀ ਜਾਵੇਗੀ। ਇਹ ਡਰੱਗ ਮਾਫੀਆ ਅਤੇ ਇਹਨਾਂ ਦੇ ਛੋਟੇ-ਛੋਟੇ ਹਥਿਆਰਬੰਦ ਸਮੂਰ ਪੂਰੇ ਦੇਸ਼ ਵਿਚ ਆਮ ਲੋਕਾਂ ਨੂੰ ਧਮਕਾ ਰਹੇ ਹਨ।ਕੌਕਾ ਅਤੇ ਗੁਆਵਿਯਰੇ ਸੂਬੇ ਵਿਚ ਤਾਂ ਹਥਿਆਰਬੰਦ ਸਮੂਹਾਂ ਨੇ ਕਈ ਮੋਟਰ ਸਾਈਕਲਾਂ ਅਤੇ ਗੱਡੀਆਂ ਵੀ ਸਾੜ ਦਿੱਤੀਆਂ। ਇਹ ਗੱਡੀਆਂ ਉਹਨਾਂ ਲੋਕਾਂ ਦੀਆਂ ਸਨ ਜੋ ਇਹਨਾਂ ਦੀ ਗੱਲ ਨਹੀਂ ਮੰਨ ਰਹੇ ਸਨ। 

ਡਰੱਗ ਮਾਫੀਆ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਹਰ ਤਰ੍ਹਾਂ ਦੀ ਆਵਾਜਾਈ ਨੂੰ ਬੰਦ ਕਰਵਾ ਦਿੱਤਾ ਹੈ। ਜੇਕਰ ਜ਼ਰਾ ਜਿੰਨਾ ਵੀ ਸ਼ੱਕ ਹੁੰਦਾ ਹੈ ਕਿ ਕਿਸੇ ਨੂੰ ਕੋਰੋਨਾਵਾਇਰਸ ਹੈ ਤਾਂ ਇਹ ਹਥਿਆਰਬੰਦ ਸਮੂਹ ਉਸ ਨੂੰ ਤੁਰੰਤ ਗੋਲੀ ਮਾਰ ਦਿੰਦਾ ਹੈ। ਉਂਝ ਕੋਲੰਬੀਆ ਦੀ ਸਰਕਾਰ ਨੇ ਪੂਰੇ ਦੇਸ਼ ਵਿਚ ਤਾਲਾਬੰਦੀ ਘੋਸ਼ਿਤ ਕੀਤੀ ਹੋਈ ਹੈ।ਦੇਸ਼ ਵਿਚ 1.60 ਲੱਖ ਲੋਕ ਕੋਰੋਨਾ ਨਾਲ ਪੀੜਤ ਹਨ ਜਦਕਿ 5,625 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ 5000 ਤੋਂ ਵਧੇਰੇ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਦੀ ਤਾਲਾਬੰਦੀ ਉਨੀ ਸਖਤ ਨਹੀਂ ਹੈ ਜਿੰਨੀ ਕਿ ਇਹਨਾਂ ਹਥਿਆਰਬੰਦ ਸਮੂਹਾਂ ਅਤੇ ਡਰੱਗ ਮਾਫੀਆ ਵੱਲੋਂ ਲਗਾਈ ਗਈ ਤਾਲਾਬੰਦੀ ਹੈ। ਇਹਨਾਂ ਮਾਫੀਆ ਦਾ ਸਿੱਧਾ ਕਾਨੂੰਨ ਹੈ ਕਿ ਜੇਕਰ ਕੋਈ ਵੀ ਉਹਨਾਂ ਵੱਲੋਂ ਲਗਾਈ ਗਈ ਤਾਲਾਬੰਦੀ ਦੇ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ ਤੁਰੰਤ ਕਬਰਸਤਾਨ ਪਹੁੰਚਾ ਦਿਓ।

Vandana

This news is Content Editor Vandana