ਘਰ 'ਚ ਦਾਖਲ ਹੋਈ ਬੇਕਾਬੂ ਕਾਰ, ਵਾਲ-ਵਾਲ ਬਚਿਆ ਭਾਰਤੀ ਜੋੜਾ

01/01/2018 1:13:05 PM

ਮੈਲਬੌਰਨ (ਬਿਊਰੋ)— ਮੈਲਬੌਰਨ ਵਿਚ ਨਸ਼ੇ ਵਿਚ ਟੱਲੀ ਇਕ ਡਰਾਈਵਰ ਨੇ ਇਕ ਘਰ ਦੇ ਬੈੱਡਰੂਮ ਦੀ ਕੰਧ ਵਿਚ ਤਿੰਨ ਵਾਰੀ ਕਾਰ ਨਾਲ ਟੱਕਰ ਮਾਰੀ। ਖੁਸ਼ਕਿਮਸਤੀ ਨਾਲ ਬੈੱਡਰੂਮ ਵਿਚ ਸੁੱਤੇ ਭਾਰਤੀ ਜੋੜੇ ਦੀ ਜਾਨ ਬਚ ਗਈ। ਕਾਰ ਚਲਾਉਣੀ ਸਿੱਖ ਰਹੇ 24 ਸਾਲਾ ਡਰਾਈਵਰ ਨੇ ਮੈਲਬੌਰਨ ਦੇ ਸੀ. ਬੀ. ਡੀ. ਦੇ 22 ਕਿਲੋਮੀਟਰ ਪੱਛਮੀ ਤ੍ਰੇਗਐਨੀਨਾ ਵਿਚ ਸਵੇਰ ਦੇ 2:20 'ਤੇ ਬੈੱਡਰੂਮ ਦੀ ਕੰਧ ਵਿਚ ਟੱਕਰ ਮਾਰੀ।

ਘਰ ਦੇ ਮਾਲਕ ਅਮਿਤ ਸਰਾਫ ਨੇ ਦੱਸਿਆ ਕਿ ਉਹ ਅਤੇ ਉਸ ਦੀ ਗਰਭਵਤੀ ਪਤਨੀ ਨੇ ਟਾਇਰਾਂ ਦੀ ਆਵਾਜ਼ ਸੁਣੀ। ਆਵਾਜ਼ ਸੁਣਦੇ ਹੀ ਉਹ ਦੋਵੇਂ ਜਲਦੀ ਨਾਲ ਬੈੱਡ ਤੋਂ ਉੱਠ ਕੇ ਦਰਵਾਜੇ ਵੱਲ ਚਲੇ ਗਏ। ਥੋੜ੍ਹੀ ਹੀ ਦੇਰ ਵਿਚ ਕਾਰ ਉਨ੍ਹਾਂ ਦੇ ਬੈੱਡਰੂਮ ਦੇ ਅੰਦਰ ਸੀ ਅਤੇ ਕੰਧ ਦੀਆਂ ਇੱਟਾਂ ਇੱਧਰ-ਉੱਧਰ ਖਿਲਰ ਗਈਆਂ ਸਨ।

ਅਮਿਤ ਮੁਤਾਬਕ ਜਦੋਂ ਉਹ ਅਤੇ ਉਸ ਦੀ ਪਤਨੀ ਕਮਰੇ ਵਿਚੋਂ ਬਾਹਰ ਨਿਕਲ ਕੇ ਘਰ ਦੇ ਸਾਹਮਣੇ ਆਏ ਤਾਂ ਡਰਾਈਵਰ ਕਾਰ ਵਿਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਿਹਾ ਸੀ। ਅਮਿਤ ਨੇ ਜਲਦੀ ਨਾਲ ਪੁਲਸ ਨੂੰ ਕਾਲ ਕੀਤੀ।

ਵਿਕਟੋਰੀਆ ਪੁਲਸ ਮੁਤਾਬਕ ਸਨਸ਼ਾਈਨ ਪੱਛਮੀ ਡਰਾਈਵਰ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਾਰਜ ਲਗਾਏ ਜਾਣ ਦੀ ਸੰਭਾਵਨਾ ਹੈ। 24 ਸਾਲਾ ਡਰਾਈਵਰ ਦੋਹਰਤੀਸ ਰੋਡ 'ਤੇ ਯਾਤਰਾ ਕਰ ਰਿਹਾ ਸੀ। ਅਚਾਨਕ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅਮਿਤ ਦੇ ਘਰ ਦੀ ਕੰਧ ਨਾਲ ਟਕਰਾ ਗਈ।