ਆਸਟਰੇਲੀਆ ''ਚ ਫੜੀ ਗਈ 1.4 ਟਨ ਕੋਕੀਨ, ਦੇਸ਼ ਦੇ ਇਤਿਹਾਸ ''ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ

02/06/2017 10:58:05 AM

ਸਿਡਨੀ— ਆਸਟਰੇਲੀਆ ਦੇ ਨਸ਼ੀਲੇ ਪਦਾਰਥ ਰੋਕੂ ਬਿਊਰੋ ਨੇ ਐਤਵਾਰ ਦੇਰ ਰਾਤ ਨੂੰ ਇੱਕ ਮੁਹਿੰਮ ਦੇ ਤਹਿਤ ਇੱਕ ਕਿਸ਼ਤੀ ''ਤੇ ਛਾਪਾ ਮਾਰ ਕੇ 1.4 ਟਨ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 312 ਕਰੋੜ ਡਾਲਰ ਹੈ। ਜੱਜ ਮਾਈਕਲ ਕੀਨਾਨ ਅਤੇ ਇਮੀਗਰੇਸ਼ਨ ਮੰਤਰੀ ਪੀਟਰ ਡਿਊਟਨ ਨੇ ਦੱਸਿਆ ਕਿ ਇਸ ਮਾਮਲੇ ''ਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ''ਚ ਚਾਰ ਆਸਟਰੇਲੀਆਈ , ਇੱਕ ਨਿਊਜ਼ੀਲੈਂਡ ਅਤੇ ਇੱਕ ਸਵਿਸ-ਫਿਜ਼ੀਅਨ ਨਾਗਰਿਕਤਾ ਪ੍ਰਾਪਤ ਨਾਗਰਿਕ ਸ਼ਾਮਲ ਹੈ। ਇਨ੍ਹਾਂ ''ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਜੇਕਰ ਇਹ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਸਾਲ 2001 ''ਚ 938 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ। ਇਸ ਮੁਹਿੰਮ ਨੂੰ ਆਸਟਰੇਲੀਆ ਦੀਆਂ ਵੱਖ-ਵੱਖ ਏਜੰਸੀਆਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਕਸਟਮ ਵਿਭਾਗ ਨੇ ਅੰਜਾਮ ਦਿੱਤਾ ਹੈ। ਸ਼੍ਰੀ ਕੀਨਾਨ ਨੇ ਦੱਸਿਆ ਕਿ ਇਸ ਕੋਕੀਨ ਦਾ ਬਜ਼ਾਰੀ ਮੁੱਲ 312 ਕਰੋੜ ਡਾਲਰ ਹੈ ਪਰ ਡਰੱਗ ਮਾਫੀਆ ਗਲੀਆਂ ਅਤੇ ਵੱਖ-ਵੱਖ ਥਾਂਵਾਂ ''ਤੇ ਨਸ਼ੇੜੀਆਂ ਨੂੰ ਇਸ ਨੂੰ 9 ਗੁਣਾਂ ਵਧੇਰੇ ਕੀਮਤ ''ਤੇ ਵੇਚਣ ਦੀ ਤਾਂਘ ''ਚ ਸੀ। 
ਇਸ ਮਾਮਲੇ ''ਚ ਆਸਟਰੇਲੀਆ ਦੀ ਸੰਘੀ ਪੁਲਸ ਦਾ ਕਹਿਣਾ ਹੈ ਕਿ ਇਸ ਗ਼ੈਰ-ਕਾਨੂੰਨੀ ਡਰੱਗ ਤਸਕਰੀ ਦੇ ਵਿਰੁੱਧ ਢਾਈ ਸਾਲ ਤੱਕ ਜਾਂਚ ਕੀਤੀ ਗਈ ਅਤੇ ਇਸ ਪਿੱਛੋਂ ਇਹ ਗ੍ਰਿਫ਼ਤਾਰੀਆਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਿਸ਼ਤੀ ਨੂੰ ਨਿਊ ਸਾਊਥ ਵੇਲਜ਼ ਦੇ ਤੱਟ ਤੋਂ ਫੜਿਆ ਗਿਆ ਹੈ। ਇਹ ਕਿਸ਼ਤੀ ਇੱਕ ਮਹੀਨਾ ਪਹਿਲਾਂ ਸਮੁੰਦਰੀ ਜਹਾਜ਼ ਰਾਹੀਂ ਦੱਖਣੀ ਪ੍ਰਸ਼ਾਂਤ ਪਹੁੰਚੀ ਸੀ। ਇੱਥੋਂ ਇਸ ''ਚ ਨਸ਼ੀਲਾ ਪਦਾਰਥ ਲੱਦ ਕੇ ਆਸਟਰੇਲੀਆ ਲਿਆਂਦਾ ਜਾ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦੀ ਫੋਰਸ ਦੇ ਅਧਿਕਾਰੀ ਗ੍ਰਿਫ਼ਤਾਰ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੇ ਹਨ ਅਤੇ ਇਸ ਸੰਭਵ ਹੈ ਕਿ ਇਸ ਮਾਮਲੇ ''ਚ ਕੁਝ ਹੋਰ ਗ੍ਰਿਫ਼ਤਾਰੀ ਵੀ ਹੋ ਸਕਦੀਆਂ ਹਨ।