ਸਭ ਤੋਂ ਜ਼ਿਆਦਾ ਕੂੜਾ ਫੈਲਾਉਣ ਵਾਲੀਆਂ ਕੰਪਨੀਆਂ ''ਚ ਕੋਕਾ-ਕੋਲਾ, ਪੈਪਸੀਕੋ ਤੇ ਨੈੱਸਲੇ ਮੋਹਰੀ

10/24/2019 3:06:24 AM

ਮਨੀਲਾ - ਵਾਤਾਵਰਣ ਸਬੰਧੀ ਇਕ ਦਬਾਅ ਸਮੂਹ ਨੇ ਬੁੱਧਵਾਰ ਨੂੰ ਆਖਿਆ ਕਿ ਧਰਤੀ 'ਤੇ ਕੂੜਾ ਫੈਲਾ ਰਹੇ ਪਲਾਸਟਿਕ ਦੇ ਲੱਖਾਂ ਟੁਕੜੇ ਕੁਝ ਬਹੁ-ਰਾਸ਼ਟਰੀ ਕੰਪਨੀਆਂ ਤੋਂ ਆਉਂਦੇ ਹਨ। ਵਿਅਕਤੀਆਂ ਅਤੇ ਵਾਤਾਵਰਣ ਸੰਗਠਨ ਦੇ ਗਲੋਬਲ ਗਠਜੋੜ 'ਬ੍ਰੇਕ ਫ੍ਰੀ ਫ੍ਰਾਮ ਪਲਾਸਟਿਕਸ' ਨੇ ਇਸ ਲਿਸਟ 'ਚ ਕੋਕਾ-ਕੋਲਾ, ਨੈੱਸਲੇ ਅਤੇ ਪੈਪਸੀਕੋ ਜਿਹੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਹੈ। ਇਸ ਸਮੂਹ ਦੇ ਸਵੈ-ਸੇਵੀਆਂ ਨੇ ਇਕ ਮਹੀਨੇ ਪਹਿਲਾਂ 51 ਦੇਸ਼ਾਂ 'ਚ 'ਵਿਸ਼ਵ ਸਫਾਈ ਦਿਵਸ' ਦੌਰਾਨ ਪਲਾਸਟਿਕ ਦੇ ਕੂੜੇ ਦੇ ਤਕਰੀਬਨ 5 ਲੱਖ ਟੁਕੜੇ ਜਮ੍ਹਾ ਕੀਤੇ, ਜਿਨ੍ਹਾਂ 'ਚੋਂ 43 ਫੀਸਦੀ 'ਤੇ ਸਪੱਸ਼ਟ ਤੌਰ 'ਤੇ ਖਪਤਕਾਰ ਬ੍ਰਾਂਡ ਦਾ ਨਾਂ ਸੀ।

ਉਸ ਨੇ ਆਖਿਆ ਕਿ ਲਗਾਤਾਰ ਦੂਜੇ ਸਾਲ ਕੋਕਾ-ਕੋਲਾ ਪਲਾਸਟਿਕ ਦਾ ਕੂੜਾ ਫੈਲਾਉਣ 'ਤੇ ਟਾਪ 'ਤੇ ਹੈ। ਚਾਰ ਮਹਾਦੀਪਾਂ ਦੇ 37 ਦੇਸ਼ਾਂ ਤੋਂ ਉਸ ਦੇ 11,732 ਪਲਾਸਟਿਕ ਦੇ ਟੁਕੜੇ ਇਕੱਠੇ ਕੀਤੇ ਗਏ। ਉਸ ਨੇ ਆਖਿਆ ਕਿ ਚੀਨ, ਇੰਡੋਨੇਸ਼ੀਆ, ਫਿਲਪੀਨ, ਵਿਅਤਨਾਮ ਅਤੇ ਸ਼੍ਰੀਲੰਕਾ ਸਮੁੰਦਰ 'ਚ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕੂੜਾ ਸੁੱਟਦੇ ਹਨ ਪਰ ਏਸ਼ੀਆ 'ਚ ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਸ ਦੇ ਅਸਲੀ ਕਾਰਕ ਬਹੁ-ਰਾਸ਼ਟਰੀ ਕੰਪਨੀਆਂ ਹਨ ਜਿਨ੍ਹਾਂ ਦਾ ਮੁੱਖ ਦਫਤਰ ਯੂਰਪ ਅਤੇ ਅਮਰੀਕਾ 'ਚ ਹੈ। ਰਿਪੋਰਟ ਮੁਤਾਬਕ, ਕੋਕਾ-ਕੋਲਾ, ਪੈਪਸੀਕੋ ਅਤੇ ਨੈੱਸਲੇ ਪਲਾਸਟਿਕ ਦੇ ਕੂੜੇ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹਨ। ਪਲਾਸਟਿਕ ਦਾ ਕੂੜਾ ਫੈਲਾਉਣ ਵਾਲੀਆਂ ਟਾਪ ਦੀਆਂ 10 ਕੰਪਨੀਆਂ 'ਚ ਮੈਕਡਨਾਲਡ ਇੰਟਰਨੈਸ਼ਨਲ, ਯੂਨੀਲੀਵਰ, ਮਾਰ, ਪੀ ਐਂਡ ਜੀ, ਕੋਲਗੇਟ-ਪਾਮੋਲਿਵ, ਫਿਲੀਪ ਪੋਰਿਸ ਅਤੇ ਪਰਫੇਟੀ ਵੈਨ ਮਿਲੇ ਵੀ ਸ਼ਾਮਲ ਹਨ।

Khushdeep Jassi

This news is Content Editor Khushdeep Jassi