ਜਲਵਾਯੂ ਪਰਿਵਰਤਨ ਕਾਰਨ ਮੱਛੀਆਂ ਦੇ ਆਕਾਰ ''ਤੇ ਪੈ ਰਿਹੈ ਪ੍ਰਭਾਵ

08/23/2017 1:45:53 PM

ਟੋਰਾਂਟੋ— ਜਲਵਾਯੂ ਪਰਿਵਰਤਨ ਦੇ ਨਾਕਾਰਾਤਮਕ ਪ੍ਰਭਾਵਾਂ ਬਾਰੇ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ 'ਚ ਪਤਾ ਲੱਗਾ ਕਿ ਜਦ ਸਮੁੰਦਰ ਦਾ ਤਾਪਮਾਨ ਵਧਦਾ ਹੈ ਤਾਂ ਮੱਛੀਆਂ ਦਾ ਆਕਾਰ 20 ਤੋਂ 30 ਫੀਸਦੀ ਤਕ ਘੱਟ ਜਾਂਦਾ ਹੈ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਮੱਛੀਆਂ ਦਾ ਆਕਾਰ ਘਟਣ ਦਾ ਸ਼ੱਕ ਦੇ ਕਾਰਨਾਂ ਬਾਰੇ ਵਿਸਥਾਰ ਸਹਿਤ ਦੱਸਿਆ ਹੈ। 
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ 'ਇੰਸਟੀਚਿਊਟ ਫਾਰ ਦਿ ਓਸ਼ਨਜ਼ ਐਂਡ ਫਿਸ਼ਰਜ਼' ਦੇ ਐਸੋਸੀਏਟ ਪ੍ਰੋਫੈਸਰ ਵਿਲੀਅਮ ਚੇਉਂਗ ਨੇ ਕਿਹਾ,''ਠੰਡੇ ਖੂਨ ਵਾਲੀਆਂ ਪ੍ਰਾਣੀ ਹੋਣ ਕਾਰਨ ਮੱਛੀਆਂ ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਸਕਦੀਆਂ।'' ਇਸ ਅਧਿਐਨ ਦੇ ਮੁੱਖ ਖੋਜੀ ਡੈਨੀਅਲ ਪਾਉਲੀ ਮੁਤਾਬਕ ਵਧ ਰਹੀਆਂ ਮੱਛੀਆਂ 'ਚ ਆਕਸੀਜਨ ਦੀ ਜ਼ਰੂਰਤ ਵਧ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਦਾ ਵਜ਼ਨ ਵਧ ਜਾਂਦਾ ਹੈ। ਗਲਫੜਿਆਂ ਦਾ ਖੇਤਰਫਲ ਇੰਨੀ ਗਤੀ ਨਾਲ ਨਹੀਂ ਵਧਦਾ ਜਿੰਨਾ ਕਿ ਬਾਕੀ ਸਰੀਰ ਵਧਦਾ ਹੈ। ਜਲਵਾਯੂ ਪਰਿਵਰਤਨ ਕਾਰਨ ਮੱਛੀਆਂ ਨੂੰ ਵਧੇਰੇ ਆਕਸੀਜਨ ਦੀ ਜ਼ਰੂਰਤ ਪਵੇਗੀ ਪਰ ਸਮੁੰਦਰ 'ਚ ਆਕਸੀਜਨ ਘਟੇਗੀ ਜਿਸ  ਕਾਰਨ ਉਨ੍ਹਾਂ ਦੇ ਆਕਾਰ 'ਤੇ ਪ੍ਰਭਾਵ ਪੈਂਦਾ ਰਹੇਗਾ।