ਚੀਨੀ ਕਾਰੋਬਾਰੀਆਂ ਖਿਲਾਫ ਹਾਂਗਕਾਂਗ ''ਚ ਪ੍ਰਦਰਸ਼ਨ ਦੌਰਾਨ ਸੰਘਰਸ਼

07/14/2019 9:09:50 AM

ਹਾਂਗਕਾਂਗ— ਚੀਨੀ ਕਾਰੋਬਾਰੀਆਂ ਖਿਲਾਫ ਹਾਂਗਕਾਂਗ 'ਚ ਹਜ਼ਾਰਾਂ ਲੋਕਾਂ ਦੇ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸੰਘਰਸ਼ ਹੋਇਆ। ਪੁਲਸ ਨੇ ਸ਼ਨੀਵਾਰ ਨੂੰ ਚਿਤਾਵਨੀ ਜਾਰੀ ਕਰਨ ਮਗਰੋਂ ਭੀੜ ਨੂੰ ਤਿੱਤਰ-ਬਿੱਤਰ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ 'ਚ ਵਧੇਰੇ ਜਵਾਨ ਸ਼ਾਮਲ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤੀਪੂਰਣ ਪ੍ਰਦਰਸ਼ਨ ਬਦਲਾਅ ਲਿਆਉਣ ਦੇ ਸਮਰੱਥ ਨਹੀਂ ਹੈ। 

ਪੁਲਸ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਕਾਲੀਆਂ ਮਿਰਚਾਂ ਦਾ ਛਿੜਕਾਅ ਅਤੇ ਲਾਠੀਚਾਰਜ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਰੈਲੀ ਸ਼ਨੀਵਾਰ ਨੂੰ ਉਨ੍ਹਾਂ ਮੈਡੀਕਲ ਸਟੋਰਾਂ ਤੇ ਬਿਊਟੀ ਪਾਰਲਰਾਂ ਦੀਆਂ ਦੁਕਾਨਾਂ ਦੇ ਸਾਹਮਣਿਓਂ ਕੱਢੀ ਗਈ, ਜਿੱਥੇ ਚੀਨੀ ਸੈਲਾਨੀ ਅਤੇ ਕਾਰੋਬਾਰੀ ਵੱਡੀ ਗਿਣਤੀ 'ਚ ਆਉਂਦੇ ਹਨ ਅਤੇ ਉੱਥੋਂ ਸਾਮਾਨ ਖਰੀਦ ਕੇ ਉਸ ਨੂੰ ਚੀਨ 'ਚ ਵੇਚਦੇ ਹਨ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਬੈਨਰ ਫੜ ਕੇ ਰੱਖਿਆ ਸੀ, ਜਿਸ 'ਤੇ ਲਿਖਿਆ ਸੀ,''ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਸਰਹੱਦ ਪਾਰ ਤੋਂ ਕਾਰੋਬਾਰੀਆਂ ਨੂੰ ਰੋਕਿਆ ਜਾਵੇ।'' ਇਸ ਤੋਂ ਪਹਿਲਾਂ ਵੀ ਚੀਨ ਨੂੰ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਕਾਨੂੰਨ ਖਿਲਾਫ ਹਾਂਗਕਾਂਗ 'ਚ ਪ੍ਰਦਰਸ਼ਨ ਹੋਏ ਸਨ। ਹੁਣ ਫਿਰ ਤੋਂ ਸ਼ਹਿਰ 'ਚ ਅੰਦੋਲਨ ਨੇ ਜਨਮ ਲਿਆ ਹੈ।