ਹਾਂਗਕਾਂਗ ''ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ, 79 ਲੋਕ ਜ਼ਖਮੀ

06/13/2019 3:03:27 PM

ਹਾਂਗਕਾਂਗ— ਹਾਂਗਕਾਂਗ 'ਚ ਹਵਾਲਗੀ ਸਬੰਧੀ ਵਿਵਾਦਤ ਬਿੱਲ ਖਿਲਾਫ ਹੋ ਰਹੇ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਕਾਰਨ ਘੱਟ ਤੋਂ ਘੱਟ 79 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ। ਝੜਪ 'ਚ ਇਕ 15 ਸਾਲਾ ਲੜਕਾ ਵੀ ਜ਼ਖਮੀ ਹੋਇਆ ਹੈ।

ਹਵਾਲਗੀ ਕਾਨੂੰਨ 'ਚ ਸੋਧ ਲਈ ਪ੍ਰਸਤਾਵਿਤ ਬਿੱਲ ਦੇ ਖਿਲਾਫ ਬੁੱਧਵਾਰ ਨੂੰ 10 ਲੱਖ ਤੋਂ ਵਧੇਰੇ ਲੋਕ ਸੜਕਾਂ 'ਤੇ ਉੱਤਰ ਆਏ। ਅੰਦੋਲਨਕਾਰੀਆਂ ਨੇ ਆਵਾਜਾਈ ਨੂੰ ਰੋਕ ਦਿੱਤਾ ਅਤੇ ਸਰਕਾਰੀ ਇਮਾਰਤਾਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ।
ਜ਼ਿਕਰਯੋਗ ਹੈ ਕਿ ਹਵਾਲਗੀ ਕਾਨੂੰਨ 'ਚ ਜੇਕਰ ਪ੍ਰਸਤਾਵਿਤ ਸੋਧ ਕਰ ਲਈ ਜਾਂਦੀ ਹੈ ਤਾਂ ਹਾਂਗਕਾਂਗ ਸਰਕਾਰ ਕਿਸੇ ਦੋ-ਪੱਖੀ ਸਮਝੌਤੇ ਬਿਨਾਂ ਚੀਨ ਸਮੇਤ ਕਿਸੇ ਵੀ ਦੇਸ਼ ਦੇ ਸ਼ੱਕੀ ਨੂੰ ਉਸ ਦੇ ਦੇਸ਼ ਦੇ ਹਵਾਲੇ ਕਰ ਸਕਦੀ ਹੈ। ਇਸ ਸੋਧ ਦਾ ਵਿਰਧ ਕਰ ਰਹੇ ਲੋਕਾਂ ਦਾ ਮੰਨਣਾ ਹੈ ਕਿ ਚੀਨ ਇਸ ਕਾਨੂੰਨ ਦੀ ਦੁਰਵਰਤੋਂ ਕਰ ਕੇ ਹਾਂਗਕਾਂਗ 'ਚ ਆਪਣੇ ਵਿਰੋਧੀਆਂ ਖਿਲਾਫ ਕਾਰਵਾਈ ਕਰ ਸਕਦਾ ਹੈ।