ਕੈਨੇਡਾ ਦੀ ਬੈਂਕ ਨੇ ਜਾਰੀ ਕੀਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਸਿੱਕੇ

04/22/2017 12:48:39 PM

ਟੋਰਾਂਟੋ— ਕੈਨੇਡਾ ਦੀ ਮਸ਼ਹੂਰ ਬੈਂਕ ਸੀ. ਆਈ. ਬੀ. ਸੀ. ਨੇ ਵਿਸਾਖੀ ਦੇ ਸੰਬੰਧ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਲਿਮਟਿਡ ਐਡੀਸ਼ਨ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ। ਸੀ. ਆਈ. ਬੀ. ਸੀ. ਅਜਿਹਾ ਕਰਨ ਵਾਲੀ ਕੈਨੇਡਾ ਦੀ ਇਕਲੌਤੀ ਬੈਂਕ ਹੈ। ਇਹ ਸਿੱਕੇ ਆਨਲਾਈਨ ਜਾਂ ਫਿਰ ਬੈਂਕ ਦੀਆਂ ਬ੍ਰਾਂਚਾਂ ਤੋਂ ਖਰੀਦੇ ਜਾ ਸਕਦੇ ਹਨ। ਇਨ੍ਹਾਂ ਸਿੱਕਿਆਂ ਦੇ ਇਕ ਪਾਸੇ ਖੰਡਾ ਅਤੇ ਦੂਜੇ ਪਾਸੇ ਇਕ ਓਂਕਾਰ ਉਕਰਿਆ ਹੋਇਆ ਹੈ।
ਬੀਤੇ ਸਾਲ ਵੀ ਅਜਿਹਾ ਹੀ ਇਕ ਔਂਸ ਦਾ ਚਾਂਦੀ ਦਾ ਸਿੱਕਾ ਬੈਂਕ ਵੱਲੋਂ ਜਾਰੀ ਕੀਤਾ ਗਿਆ ਸੀ। ਉਸ ਸਿੱਕੇ ਦੀ ਸਫਲਤਾ ਤੋਂ ਬਾਅਦ ਬੈਂਕ ਨੇ ਇਸ ਵਾਰ ਸੋਨੇ ਦਾ 10 ਗ੍ਰਾਮ ਦਾ ਸਿੱਕਾ ਵੀ ਜਾਰੀ ਕਰ ਦਿੱਤਾ। ਇਹ ਸਿੱਕੇ 24 ਕੈਰੇਟ ਸੋਨੇ ਅਤੇ ਸ਼ੁੱਧ ਚਾਂਦੀ ਵਿਚ ਵੀ ਜਾਰੀ ਕੀਤੇ ਜਾ ਰਹੇ ਹਨ। ਚਾਂਦੀ ਦੇ ਇਕ ਔਂਸ ਵਾਲੇ ਇਸ ਸਿੱਕੇ ਦੀ ਕੀਮਤ 59.25 ਡਾਲਰ ਹੈ ਜਦੋਂ ਕਿ ਸੋਨੇ ਦੇ 10 ਗ੍ਰਾਮ ਵਾਲੇ ਸਿੱਕੇ ਦੀ ਕੀਮਤ 625 ਡਾਲਰ ਰੱਖੀ ਗਈ ਹੈ। 
ਇੱਥੇ ਦੱਸ ਦੇਈਏ ਕਿ ਕੈਨੇਡਾ ਦੇ ਓਨਟਾਰੀਓ ਅਤੇ ਹੋਰ ਕਈ ਪ੍ਰੋਵਿੰਸਾਂ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਅਜਿਹੇ ਵਿਚ ਸਿੱਖ ਭਾਈਚਾਰੇ ਦੇ ਲੋਕ ਇਸ ਮਹੀਨੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਜੇਕਰ ਤੁਸੀਂ ਵੀ ਆਪਣੇ ਕਿਸੇ ਕਰੀਬੀ ਨੂੰ ਕੋਈ ਯਾਦਗਾਰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਿੱਕਿਆਂ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਸੀ. ਆਈ. ਬੀ. ਸੀ. ਬੈਂਕ ਸਰੀ ਵਿਚ 22 ਅਪ੍ਰੈਲ ਨੂੰ ਹੋਣ ਵਾਲੀ ਵਿਸਾਖੀ ਪਰੇਡ ਨੂੰ ਵੀ ਸਪਾਂਸਰ ਕਰ ਰਹੀ ਹੈ।

Kulvinder Mahi

This news is News Editor Kulvinder Mahi