ਸੋਸ਼ਲ ਮੀਡੀਆ ਰਾਹੀਂ ਪਿਆਰ ''ਚ ਪਈ ਕੁੜੀ ਨੇ ਛੱਡਿਆ ਭਾਰਤ, ਕਿਹਾ- ਇਹ ਮੇਰਾ ਫੈਸਲਾ

09/30/2019 4:35:42 PM

ਦੁਬਈ (ਏਜੰਸੀ)- ਪਿਛਲੇ ਦਿਨੀਂ ਭਾਰਤ ਛੱਡ ਕੇ ਆਬੂ ਧਾਬੀ ਗਈ 19 ਸਾਲਾ ਈਸਾਈ ਲੜਕੀ ਨੇ ਅਗਵਾ ਅਤੇ ਜਬਰਦਸਤੀ ਅੱਤਵਾਦੀ ਸਮੂਹ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਲੜਕੀ ਨੇ ਕਿਹਾ ਕਿ ਉਸ ਨੇ ਆਪਣੀ ਇੱਛਾ ਨਾਲ ਹੀ ਆਪਣੇ ਪਿਆਰ ਲਈ ਭਾਰਤ ਛੱਡਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਸਿਆਨੀ ਬੇਨੀ ਨਾਂ ਦੀ ਇਸ ਲੜਕੀ ਨੇ ਇਹ ਟਿੱਪਣੀ ਉਸ ਦੇ ਮਾਤਾ-ਪਿਤਾ ਵਲੋਂ ਦਿੱਲੀ ਵਿਚ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ, ਜਿਸ ਵਿਚ ਉਨ੍ਹਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਤੋਂ ਬਾਅਦ ਆਈ ਹੈ।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦੇ ਕਾਲਜ ਦੇ ਸਾਥੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਕ ਭਾਰਤੀ ਨਾਗਰਿਕ ਨੂੰ ਦੁਨੀਆਂ ਵਿਚ ਅਸ਼ਾਂਤੀ ਫੈਲਾਉਣ ਵਾਲੀਆਂ ਤਾਕਤਾਂ ਨੇ ਅਗਵਾ ਕਰ ਲਿਆ ਹੈ। ਲੜਕੀ ਨੇ ਇਸ ਦਾ ਖੰਡਨ ਕੀਤਾ ਹੈ। ਉਸ ਨੇ ਇਸ ਨੂੰ ਲੈ ਕੇ ਕਿਹਾ ਕਿ ਇਹ ਸੱਚ ਨਹੀਂ ਹੈ। ਮੈਂ ਆਬੂ ਧਾਬੀ ਆਪਣੀ ਮਰਜ਼ੀ ਨਾਲ ਆਈ ਹਾਂ। ਕਿਸੇ ਨੇ ਮੈਨੂੰ ਮਜਬੂਰ ਨਹੀਂ ਕੀਤਾ। ਮੈਂ ਭਾਰਤ ਦੀ ਇਕ ਬਾਲਗ ਨਾਗਰਿਕ ਹਾਂ ਅਤੇ ਆਪਣਾ ਫੈਸਲਾ ਖੁਦ ਕਰ ਸਕਦੀ ਹਾਂ।

ਬੇਨੀ ਨੇ ਆਪਣਾ ਨਾਂ ਬਦਲ ਕੇ ਆਇਸ਼ਾ ਰੱਖ ਲਿਆ ਹੈ। ਉਸ ਨੇ ਐਤਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਉਹ 18 ਸਤੰਬਰ ਨੂੰ ਸਵੇਰੇ 11 ਵਜੇ ਤੱਕ ਕਲਾਸ ਵਿਚ ਮੌਜੂਦ ਰਹੀ। ਹਾਲਾਂਕਿ, ਇਸੇ ਦਿਨ ਦੁਪਹਿਰ ਨੂੰ 2:45 ਵਜੇ ਗੋ-ਏਅਰ ਜਹਾਜ਼ ਫੜ ਕੇ ਆਬੂ ਧਾਬੀ ਪਹੁੰਚੀ। ਇਥੇ ਪਹੁੰਚਣ ਤੋਂ ਬਾਅਦ ਉਸ ਨੇ ਇਕ ਭਾਰਤੀ ਵਿਅਕਤੀ ਨਾਲ ਵਿਆਹ ਕਰ ਲਿਆ, ਜਿਸ ਨਾਲ ਲਗਭਗ 9 ਮਹੀਨੇ ਪਹਿਲਾਂ ਹੀ ਉਸ ਦੀ ਸੋਸ਼ਲ ਮੀਡੀਆ 'ਤੇ ਦੋਸਤੀ ਹੋਈ ਸੀ। 


Sunny Mehra

Content Editor

Related News