ਕੋਲੈਸਟ੍ਰੋਲ ਨਾਲ ਪਤਾ ਲੱਗੇਗਾ ਦਿਲ ਦੇ ਰੋਗ ਬਾਰੇ, ਜਾਣੋ ਇਸ ਦੇ ਨੁਕਸਾਨ

01/04/2020 12:56:28 PM

ਨਿਊਯਾਰਕ, (ਏਜੰਸੀ)- ਦਿਲ ਦਾ ਦੌਰਾ ਪੈਣ ਅਤੇ ਸਟ੍ਰੋਕ ਦਾ ਜੋਖਮ 45 ਦੀ ਉਮਰ ਤੋਂ ਬਾਅਦ ਜ਼ਿਆਦਾ ਹੁੰਦਾ ਹੈ ਪਰ ਜਵਾਨੀ ’ਚ ਹੀ ਕੋਲੈਸਟ੍ਰੋਲ ਨੂੰ ਕੰਟਰੋਲ ’ਚ ਰੱਖਣਾ ਲੰਮੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਅਹਿਮ ਹੁੰਦਾ ਹੈ। ਜਵਾਨੀ ਦੌਰਾਨ ਖੂਨ ’ਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਜਾਂਚ ਕੇ ਭਵਿੱਖ ’ਚ ਹੋਣ ਵਾਲੇ ਦਿਲ ਦੇ ਰੋਗ ਦੇ ਖਤਰਿਆਂ ਦਾ ਪਤਾ ਲਾਇਆ ਜਾ ਸਕਦਾ ਹੈ। ਇਹ ਦਾਅਵਾ ਹਾਲ ਹੀ ਹੋਈ ਇਕ ਖੋਜ ’ਚ ਕੀਤਾ ਗਿਆ ਹੈ।

ਜ਼ਿਆਦਾ ਸੀ ਦਿਲ ਦਾ ਦੌਰਾ ਪੈਣ ਦਾ ਖਤਰਾ

ਲੈਂਸੇਟ ਰਸਾਲੇ ’ਚ ਛਪੇ ਇਸ ਅਧਿਐਨ ਮੁਤਾਬਕ 45 ਸਾਲ ਤੋਂ ਘੱਟ ਉਮਰ ਦੇ ਅਜਿਹੇ ਮਰਦ, ਜਿਨ੍ਹਾਂ ਵਿਚ ਕੋਲੈਸਟ੍ਰੋਲ ਦਾ ਪੱਧਰ ਬਹੁਤ ਜ਼ਿਆਦਾ ਸੀ, ਨੂੰ 75 ਸਾਲ ਦੀ ਉਮਰ ’ਚ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਣ ਦੀ ਸ਼ੰਕਾ 30 ਫੀਸਦੀ ਵਧ ਸੀ, ਉਥੇ ਔਰਤਾਂ ’ਚ ਇਸ ਦਾ ਖਤਰਾ 16 ਫੀਸਦੀ ਵਧ ਸੀ। ਇਸ ਅਧਿਐਨ ’ਚ ਜਵਾਨੀ ’ਚ ਕੋਲੈਸਟ੍ਰੋਲ ਦਾ ਪੱਧਰ ਅਤੇ ਬਾਅਦ ਦੀ ਉਮਰ ’ਚ ਦਿਲ ਦੇ ਰੋਗ ਦੇ ਜੋਖਮ ਵਿਚਾਲੇ ਸਬੰਧਾਂ ਦੀ ਜਾਂਚ ਕੀਤੀ ਗਈ।

ਬੁਢਾਪੇ ’ਚ ਆਉਣ ਵਾਲੇ ਅਟੈਕ ਨਾਲ ਜੋੜਿਆ

ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਅਧਿਐਨ ’ਚ ਸਾਨੂੰ ਉੱਚ ਕੋਲੈਸਟ੍ਰੋਲ ਨੂੰ ਵੱਧ ਭਾਰ, ਕਸਰਤ ਦੀ ਕਮੀ, ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਨਾਲ ਵੀ ਜੋੜਿਆ ਹੈ। ਹਾਲਾਂਕਿ ਕੋਲੈਸਟ੍ਰੋਲ ਦੇ ਉੱਚ ਪੱਧਰ ਨਾਲ ਦਿਲ ਦੇ ਰੋਗ ਦਾ ਖਤਰਾ ਹੁੰਦਾ ਹੈ, ਇਹ ਪਹਿਲਾਂ ਹੋਈਆਂ ਖੋਜਾਂ ’ਚ ਸਾਬਿਤ ਹੋ ਚੁੱਕਾ ਹੈ ਪਰ ਇਸ ਖੋਜ ’ਚ ਵਿਗਿਆਨੀਆਂ ਨੇ ਜਵਾਨੀ ’ਚ ਕੋਲੈਸਟ੍ਰੋਲ ਦੇ ਪੱਧਰ ਅਤੇ ਬੁਢਾਪੇ ’ਚ ਆਉਣ ਵਾਲੇ ਅਟੈਕ ਅਤੇ ਸਟ੍ਰੋਕ ਵਿਚਾਲੇ ਸਬੰਧ ਸਥਾਪਤ ਕੀਤਾ ਹੈ।

ਇੰਝ ਕੀਤੀ ਗਈ ਖੋਜ

ਇਸ ਨਵੀਂ ਖੋਜ ’ਚ 19 ਦੇਸ਼ਾਂ ਦੇ 43 ਸਾਲ ਤੱਕ ਦੇ ਚਾਰ ਲੱਖ ਤੋਂ ਵੱਧ ਲੋਕਾਂ ’ਤੇ ਅਧਿਐਨ ਕੀਤਾ ਗਿਆ। ਜਿਨ੍ਹਾਂ ਲੋਕਾਂ ’ਤੇ ਅਧਿਐਨ ਹੋਇਆ, ਉਨ੍ਹਾਂ ਵਿਚ ਸ਼ੁਰੂਆਤ ਜਾਂ ਜਵਾਨੀ ’ਚ ਕਿਸੇ ਨੂੰ ਦਿਲ ਸਬੰਧੀ ਕੋਈ ਬੀਮਾਰੀ ਨਹੀਂ ਸੀ। ਇਸ ਖੋਜ ’ਚ ਵਿਗਿਆਨੀਆਂ ਨੇ ਦਹਾਕਿਆਂ ਤੱਕ ਉਮੀਦਵਾਰਾਂ ਦੀ ਨਿਗਰਾਨੀ ਕੀਤੀ ਅਤੇ ਦਿਲ ਸਬੰਧੀ ਰੋਗ ਦੀ ਘਟਨਾ ਦਾ ਵੇਰਵਾ ਲਿਆ।

ਇਸ ਵਿਚ ਹਰੇਕ ਉਮਰ ਦੀਆਂ ਔਰਤਾਂ ਅਤੇ ਮਰਦ ਉਮੀਦਵਾਰਾਂ ਦੇ ਡਾਟਾ ਦਾ ਅਧਿਐਨ ਕੀਤਾ ਗਿਆ। ਇਸ ਦੌਰਾਨ ਉਮੀਦਵਾਰਾਂ ’ਚ ਦਿਲ ਸਬੰਧੀ ਰੋਗ (ਖਤਰਨਾਕ ਜਾਂ ਮਾਮੂਲੀ) ਅਤੇ ਸਟ੍ਰੋਕ ਦੀਆਂ 54, 542 ਘਟਨਾਵਾਂ ਹੋਈਆਂ। ਨਾਲ ਹੀ ਇਸ ਅਧਿਐਨ ’ਚ ਅਮਰੀਕਾ, ਯੂਰਪ ਅਤੇ ਆਸਟਰੇਲੀਆ ’ਚ ਹੋਈਆਂ 38 ਖੋਜਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਨੇ ਪਾਇਆ ਕਿ ਜਿਵੇਂ-ਜਿਵੇਂ ਜਵਾਨੀ ’ਚ ਬੁਰੇ ਕੋਲੈਸਟ੍ਰੋਲ ਦੀ ਮਾਤਰਾ ਘਟਦੀ ਗਈ, ਉਵੇਂ-ਉਵੇਂ 75 ਦੀ ਉਮਰ ਤਕ ਦਿਲ ਸਬੰਧੀ ਰੋਗ ਅਤੇ ਕੋਲੈਸਟ੍ਰੋਲ ਦੀਆਂ ਘਟਨਾਵਾਂ ’ਚ ਕਮੀ ਆਉਂਦੀ ਗਈ। ਜਿਨ੍ਹਾਂ ਲੋਕਾਂ ’ਚ ਬੁਰੇ ਕੋਲੈਸਟ੍ਰੋਲ ਦੀ ਮਾਤਰਾ ਜਿੰਨੀ ਘੱਟ ਸੀ, ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਦਾ ਓਨਾ ਹੀ ਘੱਟ ਖਤਰਾ ਸੀ। ਇਸ ਅਧਿਐਨ ਦੇ ਖੋਜਕਾਰਾਂ ਵਿਚੋਂ ਇਕ ਬਾਰਬਰਾ ਥੋਰਾਂਡ ਨੇ ਕਿਹਾ ਕਿ ਪ੍ਰਾਪਤ ਡਾਟਾ ਨਾਲ ਸਾਨੂੰ ਇਸ ਖੋਜ ਲਈ 35 ਤੋਂ 70 ਸਾਲ ਦੀ ਉਮਰ ਵਾਲੇ ਲੋਕਾਂ ਲਈ ਇਕ ਮਾਡਲ ਬਣਾਇਆ ਸੀ।

ਕੀ ਹੈ ਚੰਗਾ ਅਤੇ ਬੁਰਾ ਕੋਲੈਸਟ੍ਰੋਲ

ਸਾਡੇ ਸਰੀਰ ਦੀ ਹਰੇਕ ਕੋਸ਼ਿਕਾ ਨੂੰ ਜਿਊਂਦੇ ਰਹਿਣ ਲਈ ਕੋਲੈਸਟ੍ਰੋਲ ਦੀ ਲੋੜ ਹੁੰਦੀ ਹੈ। ਕੋਲੈਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਹੈ, ਐੱਲ. ਡੀ. ਐੱਲ. ਅਤੇ ਐੱਚ. ਡੀ. ਐੱਲ.। ਐੱਲ. ਡੀ. ਐੱਲ. ਨੂੰ ਲੋਕ ਜ਼ਿਆਦਾਤਰ ਬੁਰਾ ਕੋਲੈਸਟ੍ਰੋਲ ਕਹਿੰਦੇ ਹਨ। ਜੇਕਰ ਇਸ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਇਹ ਕੋਸ਼ਿਕਾਵਾਂ ’ਚ ਨੁਕਸਾਨਦਾਇਕ ਰੂਪ ਨਾਲ ਇਕੱਠਾ ਹੋਣ ਲੱਗਦਾ ਹੈ ਅਤੇ ਇਸ ਨਾਲ ਦਿਲ ਸਬੰਧੀ ਰੋਗ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।