ਗਲਵਾਨ ਘਾਟੀ 'ਚ 2 ਕਿਲੋਮੀਟਰ ਤੱਕ ਪਿੱਛੇ ਹਟੇ ਚੀਨੀ ਫੌਜੀ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

07/07/2020 10:45:40 PM

ਨਵੀਂ ਦਿੱਲੀ (ਇੰਟ.): ਭਾਰਤ ਨਾਲ ਚੱਲ ਰਹੇ ਤਣਾਅ ਵਿਚਾਲੇ ਭਾਰਤੀ ਸੁਰੱਖਿਆ ਸਲਾਹਕਾਰ ਤੇ ਚੀਨੀ ਵਿਦੇਸ਼ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਤੋਂ ਬਾਅਦ ਚੀਨੀ ਫੌਜੀ ਵੀ ਗਲਵਾਨ ਘਾਟੀ ਤੋਂ 2 ਕਿਲੋਮੀਟਰ ਤੱਕ ਪਿੱਛੇ ਹਟ ਗਏ ਹਨ। ਇਸ ਦਾ ਖੁਲਾਸ਼ ਸੈਟੇਲਾਈਟ ਤਸਵੀਰਾਂ ਤੋਂ ਹੋਇਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਤਣਾਅ ਦੌਰਾਨ ਗੱਲਬਾਤ ਤੋਂ ਬਾਅਦ ਗਲਵਾਨ ਘਾਟੀ ਵਿਚ ਸੰਘਰਸ਼ ਵਾਲੀ ਥਾਂ ਤੋਂ ਭਾਰਤੀ ਫੌਜੀ ਵੀ 1.5 ਕਿਲੋਮੀਟਰ ਪਿੱਛੇ ਹਟ ਗਏ ਹਨ। ਐਤਵਾਰ ਨੂੰ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੇ ਵਿਚਾਲੇ ਦੋਵਾਂ ਫੌਜਾਂ ਨੂੰ ਗਲਵਾਨ ਘਾਟੀ ਤੋਂ ਘੱਟੋ ਘੱਟ ਦੋ ਕਿਲੋਮੀਟਰ ਤੱਕ ਪਿਛੇ ਹਟਾਉਣ 'ਤੇ ਸਹਿਮਤੀ ਬਣੀ ਸੀ। ਇਸ ਦੌਰਾਨ ਸੈਟੇਲਾਈਟ ਤੋਂ ਲਈਆਂ ਗਈਆਂ ਸੈਂਕੜੇ ਤਸਵੀਰਾਂ ਤੋਂ ਸਾਫ ਹੋ ਰਿਹਾ ਹੈ ਕਿ ਚੀਨ ਨੇ ਆਪਣੀਆਂ ਫੌਜਾਂ ਨੂੰ ਵੀ ਵਿਵਾਦਿਤ ਗਲਵਾਨ ਘਾਟੀ ਤੋਂ ਪਿੱਛੇ ਹਟਾ ਲਿਆ ਹੈ।

ਤਣਾਅ ਘਟਾਉਣ ਲਈ ਝੜਪ ਵਾਲੀ ਥਾਂ ਤੱਕ ਪੈਟਰੋਲਿੰਗ ਨਹੀਂ ਕਰ ਸਕੇਗਾ ਭਾਰਤ
ਭਾਰਤੀ ਫੌਜੀ ਹੁਣ ਤੱਕ ਪੈਟਰੋਲਿੰਗ ਪੁਆਇੰਟ 14 ਤੱਕ ਜਾਕੇ ਗਸ਼ਤ ਲਗਾ ਰਹੇ ਸਨ, ਜਿਥੇ 15 ਜੂਨ ਨੂੰ ਚੀਨੀ ਫੌਜੀਆਂ ਦੇ ਨਾਲ ਖੂਨੀ ਸੰਘਰਸ਼ ਹੋਇਆ ਸੀ। 30 ਜੂਨ ਨੂੰ ਕਮਾਂਡਰ ਲੈਵਲ ਦੀ ਮੀਟਿੰਗ ਵਿਚ ਹੋਏ ਸਮਝੌਤੇ ਮੁਤਾਬਕ ਹੁਣ ਭਾਰਤੀ ਫੌਜ ਅਗਲੇ 30 ਦਿਨਾਂ ਤੱਕ ਉਥੇ ਨਹੀਂ ਜਾ ਸਕਣਗੇ। ਅਧਿਕਾਰੀ ਮੁਤਾਬਕ ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਚੀਨੀ ਫੌਜੀ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) ਦੇ ਪਾਰ ਭਾਰਤ ਖੇਤਰ ਵਿਚ ਆ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਦਾ ਠੋਸ ਹੱਲ ਨਹੀਂ ਕੀਤਾ ਗਿਆ ਤਾਂ ਭਾਰਤ ਇਸ ਇਲਾਕੇ ਵਿਚ ਪੈਟਰੋਲਿੰਗ ਦਾ ਆਪਣਾ ਅਧਿਕਾਰ ਹਮੇਸ਼ਾ ਲਈ ਗੁਆ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਪੈਟਰੋਲਿੰਗ ਪੁਆਇੰਟ 14 ਤੱਕ ਸੜਕ ਬਣਾ ਲਈ ਹੈ, ਜਿਥੇ ਖੂਨੀ ਝੜਪ ਹੋਈ ਸੀ। ਇਥੋਂ ਆਰਮੀ ਆਪਣੀ ਪੈਟਰੋਲਿੰਗ ਸ਼ੁਰੂ ਕਰਦੀ ਸੀ। 

ਹੁਣ ਸਮਝੌਤੇ ਦੇ ਮੁਤਾਬਕ ਭਾਰਤ ਉਥੇ ਤੱਕ ਪੈਟਰੋਲਿੰਗ ਨਹੀਂ ਕਰ ਸਕੇਗਾ। ਹੁਣ ਸ਼ੱਕ ਹੈ ਕਿ ਇਹ ਵਿਵਸਥਾ 30 ਦਿਨ ਤੋਂ ਵਧਾਕੇ ਕਿਤੇ ਪੱਕੀ ਨਾ ਹੋ ਜਾਵੇ। ਅਧਿਕਾਰੀ ਨੇ ਕਿਹਾ ਕਿ 15 ਜੂਨ ਨੂੰ ਹੋਏ ਸੰਘਰਸ਼ ਦੀ ਥਾਂ ਦੇ ਨੇੜੇ 3.5 ਤੋਂ 4 ਕਿਲੋਮੀਟਰ ਇਲਾਕੇ ਨੂੰ ਬਫਰ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ ਇਸ ਲਈ ਹੁਣ ਗਲਵਾਨ ਵਿਚ ਦੋਵਾਂ ਦੇਸ਼ਾਂ ਵਲੋਂ 30 ਤੋਂ ਵਧੇਰੇ ਫੌਜੀ ਤਾਇਨਾਤ ਨਹੀਂ ਕੀਤੇ ਜਾ ਸਕਦੇ ਹਨ। ਦੋਵਾਂ ਫੌਜਾਂ ਦੇ ਵਿਚਾਲੇ 3.5 ਤੋਂ 4 ਕਿਲੋਮੀਟਰ ਦੀ ਦੂਰੀ ਪੁਖਤਾ ਕੀਤੀ ਗਈ ਹੈ। ਉਸ ਤੋਂ ਬਾਅਦ ਦੋਵਾਂ ਪਾਸਿਓ 1-1 ਕਿਲੋਮੀਟਰ ਦੀ ਦੂਰੀ 'ਤੇ 50-50 ਫੌਜੀ ਰਹਿ ਸਕਦੇ ਹਨ। ਮਤਲਬ ਕੁੱਲ 6 ਕਿਲੋਮੀਟਰ ਦੇ ਦਾਇਰੇ ਵਿਚ 80 ਤੋਂ ਵਧੇਰੇ ਫੌਜੀ ਨਹੀਂ ਰਹਿਣਗੇ।

ਵਿਸ਼ਵਾਸ ਬਹਾਲੀ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ ਗਸ਼ਤ
ਲੱਦਾਖ ਵਿਚ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਹਾਲਾਤ ਆਮ ਹੋਣ ਤੋਂ ਬਾਅਦ ਗਸ਼ਤ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਐੱਲ.ਏ.ਸੀ. 'ਤੇ ਸੰਯੁਕਤ ਰੂਪ ਨਾਲ ਕੈਂਪਾਂ ਦੇ ਰੀਲੋਕੇਸ਼ਨ, ਵਿਸ਼ਵਾਸ ਬਹਾਲੀ ਨੂੰ ਲੈ ਕੇ ਤਸਦੀਕ ਕੀਤੇ ਜਾਣ, ਤਣਾਅ ਘੱਟ ਕਰਨ ਤੇ ਸਾਰੇ ਪੜਾਵਾਂ ਦੇ ਪੂਰਾ ਹੋਣ ਤੋਂ ਬਾਅਦ ਹੀ ਗਸ਼ਤ ਸ਼ੁਰੂ ਹੋਵੇਗੀ। ਫਿਲਹਾਲ ਅਸਲ ਕੰਟਰੋਲ ਲਾਈਨ 'ਤੇ ਦੋਵਾਂ ਪੱਖਾਂ ਮਤਲਬ ਭਾਰਤ ਤੇ ਚੀਨ ਦੀ ਸਹਿਮਤੀ ਨਾਲ ਗਸ਼ਤ ਨਹੀਂ ਹੋ ਰਹੀ ਹੈ।
ਗਸ਼ਤ 'ਤੇ ਰੋਕ ਇਸ ਲਈ ਲਗਾਤਾਰ ਰੱਖੀ ਗਈ ਹੈ ਕਿ ਮੌਜੂਦਾ ਹਾਲਾਤ ਵਿਚ ਕੋਈ ਅਜਿਹੀ ਘਟਨਾ ਜਾਂ ਹਿੰਸਕ ਝੜਪ ਨਾ ਹੋ ਜਾਵੇ ਜਿਸ ਨਾਲ ਤਣਾਅ ਹੋਰ ਵਧੇ। ਇਸ ਵਿਚਾਲੇ ਭਾਰਤ ਵਲੋਂ ਹਰ ਹਾਲਾਤ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਅਜਿਹੇ ਵਿਚ ਲੱਦਾਖ ਦੇ ਕੋਲ ਇੰਟੀਗ੍ਰੇਟੇਡ ਬਾਰਡਰ ਆਊਟ ਪੋਸਟ ਤਿਆਰ ਕੀਤੀ ਜਾ ਰਹੀ ਹੈ।

Baljit Singh

This news is Content Editor Baljit Singh