ਭਾਰਤ ਦੇ ਵਿਰੋਧ ਦੇ ਬਾਵਜੂਦ ਸ਼੍ਰੀਲੰਕਾ ਪਹੁੰਚਿਆ ਚੀਨ ਦਾ ''ਜਾਸੂਸੀ ਜਹਾਜ਼''

08/16/2022 3:43:15 PM

ਕੋਲੰਬੋ- ਭਾਰਤ ਦੇ ਵਿਰੋਧ ਦੇ ਬਾਵਜੂਦ ਚੀਨ ਦੀ ਉੱਚ ਤਕਨਾਲੋਜੀ ਵਾਲਾ ਇਕ ਰਿਸਰਚ ਜਹਾਜ਼ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਕੁਝ ਦਿਨ ਪਹਿਲਾਂ ਕੋਲੰਬੋ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਬੀਜਿੰਗ ਤੋਂ ਇਸ ਜਹਾਜ਼ ਦਾ ਬੰਦਰਗਾਹ 'ਤੇ ਆਗਮਨ ਟਾਲਣ ਦਾ ਅਨੁਰੋਧ ਕੀਤਾ ਸੀ। ਚੀਨ ਦਾ ਬੈਲੀਸਟਿਕ ਮਿਜ਼ਾਇਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ 'ਯੁਆਨ ਵਾਂਗ 5' ਸਥਾਨਕ ਸਮਾਂ ਅਨੁਸਾਰ ਸਵੇਰੇ ਅੱਠ ਵੱਜ ਕੇ 20 ਮਿੰਟ 'ਤੇ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਇਹ ਜਹਾਜ਼ 22 ਅਗਸਤ ਤੱਕ ਇਥੇ ਰੁਕੇਗਾ।
ਇਹ ਜਹਾਜ਼ ਪਹਿਲਾਂ 11 ਅਗਸਤ ਨੂੰ ਬੰਦਰਗਾਹ 'ਤੇ ਪਹੁੰਚਣਾ ਸੀ ਪਰ ਸ਼੍ਰੀਲੰਕਾਈ ਅਥਾਰਿਟੀਜ਼ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਇਸ ਦੇ ਆਗਮਨ 'ਚ ਦੇਰ ਹੋਈ। ਭਾਰਤ ਵਲੋਂ ਸੁਰੱਖਿਆ ਚਿੰਤਾ ਪ੍ਰਗਟ ਕੀਤੇ ਜਾਣ ਤੋਂ ਬਾਅਦ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫਤੇ ਚੀਨੀ ਦੂਤਾਵਾਸ ਤੋਂ ਇਸ ਜਹਾਜ਼ ਦਾ ਆਗਮਨ ਟਾਲ ਦੇਣ ਦੀ ਬੇਨਤੀ ਕੀਤੀ ਸੀ। ਕੋਲੰਬੋ ਨੇ ਸ਼ਨੀਵਾਰ ਨੂੰ ਜਹਾਜ਼ ਨੂੰ 16 ਤੋਂ 22 ਅਗਸਤ ਤੱਕ ਬੰਦਰਗਾਹ 'ਤੇ ਰੁੱਕਣ ਦੀ ਮਨਜ਼ੂਰੀ ਦੇ ਦਿੱਤੀ ਸੀ। ਗੌਰਤਲੱਬ ਹੈ ਕਿ ਭਾਰਤੀ ਨੇ ਸ਼੍ਰੀਲੰਕਾ ਦੇ ਬੰਦਰਗਾਹ 'ਤੇ ਠਹਿਰਣ ਦੌਰਾਨ ਇਸ ਜਹਾਜ਼ ਦੀ ਨਿਗਰਾਨੀ ਪ੍ਰਣਾਲੀ ਵਲੋਂ ਭਾਰਤੀ ਅਦਾਰਿਆਂ ਦੀ ਜਾਸੂਸੀ ਦੀ ਕੋਸ਼ਿਸ਼ ਕਰਨ ਦਾ ਖਦਸ਼ਾ ਜਤਾਇਆ ਸੀ। 
ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਜਹਾਜ਼ ਨੂੰ ਬੰਦਰਗਾਹ 'ਤੇ ਰੁੱਕਣ ਦੀ ਆਖਰੀ ਮਨਜ਼ੂਰੀ ਦਿੰਦੇ ਹੋਏ ਪਿਛਲੇ ਹਫਤੇ ਕਿਹਾ ਸੀ ਕਿ ਸ਼੍ਰੀਲੰਕਾਈ ਸਰਕਾਰ ਨੇ ਇਸ ਮਾਮਲੇ ਨੂੰ ਦੋਸਤਾਨਾ, ਆਪਸੀ ਵਿਸ਼ਵਾਸ ਅਤੇ ਅਰਥਪੂਰਨ ਡਾਇਲਾਗ ਦੇ ਰਾਹੀਂ ਸੁਲਝਾਉਣ ਦੇ ਉਦੇਸ਼ ਨਾਲ ਸਭ ਸਬੰਧਿਤ ਪੱਖਾਂ ਨਾਲ ਕੂਟਨੀਤਿਕ ਮਾਧਿਅਮ ਨਾਲ ਉੱਚ ਪੱਧਰ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਬਿਆਨ ਅਨੁਸਾਰ ਸਰਕਾਰ ਨੇ ਸਭ ਸਬੰਧਤ ਪੱਖਾਂ ਦੇ ਹਿੱਤਾਂ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਸਮਾਨਤਾ ਦੇ ਸਿਧਾਂਤ 'ਤੇ ਵਿਚਾਰ ਕੀਤਾ ਹੈ।

Aarti dhillon

This news is Content Editor Aarti dhillon