ਸਾਵਧਾਨ! ਚੀਨੀ ਅਗਰਬੱਤੀ ਦੀ ਖੁਸ਼ਬੂ ਜ਼ਹਿਰੀਲੀ, ਅਧਿਐਨ ’ਚ ਖੁਲਾਸਾ

09/03/2019 8:55:28 PM

ਬੀਜਿੰਗ— ਅਗਰਬੱਤੀ ਨੂੰ ਨਾ ਸਿਰਫ ਅਧਿਆਤਮਿਕਤਾ ਦਾ ਸਗੋਂ ਸ਼ਾਂਤੀ ਅਤੇ ਸ਼ੁੱਧਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਹਿੰਦੁਸਤਾਨੀ ਬਾਜ਼ਾਰ ’ਚ 80 ਫ਼ੀਸਦੀ ਕਬਜ਼ਾ ਜਮਾਈ ਚੀਨੀ ਯਾਨੀ ਡ੍ਰੈਗਨ ਅਗਰਬੱਤੀ ਦੀ ਖੁਸ਼ਬੂ ਜ਼ਹਿਰੀਲੀ ਹੋਣ ਦਾ ਖੁਲਾਸਾ ਖੁਦ ਇਕ ਚੀਨੀ ਅਧਿਐਨ ’ਚ ਹੋਇਆ ਹੈ। ਇਸ ਅਗਰਬੱਤੀ ਦੇ ਧੂੰਏਂ ਨਾਲ ਨਿਕਲਣ ਵਾਲੇ ਜ਼ਹਿਰੀਲੇ ਕਣ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ। ਅਜਿਹੇ ’ਚ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਗਣੇਸ਼ ਉਤਸਵ ’ਚ ਬੱਪਾ ਦੀ ਪੂਜਾ ’ਚ ਦੇਸੀ ਧੂਫ ਦੀ ਵਰਤੋਂ ਕਰਨ ਦੀ ਸਲਾਹ ਡਾਕਟਰ ਦੇ ਰਹੇ ਹਨ।

ਦੱਸਣਯੋਗ ਹੈ ਕਿ ਇੰਡੋ-ਏਸ਼ੀਅਨ ਟ੍ਰੇਡ ਐਗਰੀਮੈਂਟ ਤਹਿਤ ਅਗਰਬੱਤੀ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ ’ਚ ਭਾਰੀ ਕਟੌਤੀ ਹੋਈ ਹੈ। ਇਸ ਨਾਲ ਹਿੰਦੁਸਤਾਨ ਦਾ ਅਗਰਬੱਤੀ ਬਾਜ਼ਾਰ ਚੀਨ ਅਤੇ ਵੀਅਤਨਾਮ ਤੋਂ ਦਰਾਮਦ ਬੈਂਬੂ (ਬਾਂਸ) ਤੋਂ ਪ੍ਰਭਾਵਿਤ ਹੋ ਗਿਆ। ਚੀਨੀ ਅਗਰਬੱਤੀ ਤੋਂ ਨਿਕਲਣ ਵਾਲਾ ਧੂੰਆਂ ਸਿਗਰਟ ਦੇ ਧੂੰਏਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ।

ਅਧਿਐਨ ਮੁਤਾਬਕ ਖੁਸ਼ਬੂਦਾਰ ਅਗਰਬੱਤੀ ਦੇ ਧੂੰਏਂ ’ਚ 3 ਤਰ੍ਹਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ। ਬਿਊਟੋਜੈਨਿਕ, ਜੀਨੋ ਟਾਕਸਿਕ ਅਤੇ ਸਾਈਟੋਟਾਕਸਿਕ ਵਰਗੇ ਜ਼ਹਿਰੀਲੇ ਤੱਤਾਂ ਨਾਲ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਡ੍ਰੈਗਨ ਦੇ ਇਸ ਜ਼ਹਿਰੀਲੇ ਧੂੰਏਂ ਤੋਂ ਬਚਣ ਦੀ ਅਪੀਲ ਖੁਦ ਡਾਕਟਰ ਕਰ ਰਹੇ ਹਨ। ਡਾਕਟਰ ਦੇਸੀ ਧੂਫ ਦੀ ਵਰਤੋਂ ਕਰਨ ਦੀ ਸਲਾਹ ਵੀ ਦੇ ਰਹੇ ਹਨ। ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ ਦੇ ਚੇਅਰਮੈਨ ਵੀ. ਕੇ. ਸਕਸੈਨਾ ਨੇ ਚੀਨ ਤੋਂ ਦਰਾਮਦ ਹੋਣ ਵਾਲੀ ਅਗਰਬੱਤੀ ਕਾਰਨ ਦੇਸੀ ਅਗਰਬੱਤੀ ਕਾਰੋਬਾਰ ’ਤੇ ਸੰਕਟ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਭਗ 25 ਫ਼ੀਸਦੀ ਯੂਨਿਟ ਬੰਦ ਹੋ ਚੁੱਕੇ ਹਨ।

Baljit Singh

This news is Content Editor Baljit Singh