ਚੰਨ ''ਤੇ ਰੋਬੋਟ ਸਟੇਸ਼ਨ ਸਥਾਪਿਤ ਕਰੇਗਾ ਚੀਨ

12/06/2017 10:20:53 AM

ਬੀਜਿੰਗ (ਭਾਸ਼ਾ)— ਚੀਨ ਚੰਨ 'ਤੇ ਇਕ ਰੋਬੋਟ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਦਾ ਉਦੇਸ਼ ਧਰਤੀ ਦੇ ਇਕੋ-ਇਕ ਉਪਗ੍ਰਹਿ ਦੇ ਭੂਗੋਲ 'ਤੇ ਵੱਡੀ ਅਤੇ ਵਿਆਪਕ ਪ੍ਰਯੋਗਾਤਮਕ ਖੋਜ ਕਰਨ ਦਾ ਹੈ। ਪੀਕਿੰਗ ਯੂਨੀਵਰਸਿਟੀ ਵਿਚ ਪੁਲਾੜ ਵਿਗਿਆਨ ਦੇ ਪ੍ਰੋਫੈਸਰ ਜਿਆਓ ਵੀਸ਼ਿਨ ਨੇ ਦੱਸਿਆ ਕਿ ਇਸ ਸਟੇਸ਼ਨ ਤੋਂ ਧਰਤੀ 'ਤੇ ਪੱਥਰਾਂ ਦੇ ਨਮੂਨੇ ਲਿਆਉਣ ਦੀ ਲਾਗਤ ਘੱਟ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਰੋਬੋਟ ਸਟੇਸ਼ਨ ਲਗਾਤਾਰ ਚੰਨ ਦੇ ਭੂਗੋਲ ਦੇ ਅਧਿਐਨ ਨੂੰ ਅੱਗੇ ਵਧਾਉਣ ਵਿਚ ਸਹਾਇਕ ਹੋਵੇਗਾ ਅਤੇ ਉਸ ਕੋਲ ''ਚੰਨ 'ਤੇ ਭੇਜੇ ਗਏ ਰੋਵਰਾਂ ਦੀ ਤੁਲਨਾ ਵਿਚ ਬਿਹਤਰ ਊਰਜਾ ਸਮੱਰਥਾ ਹੋਵੇਗੀ ਕਿਉਂਕਿ ਸਟੇਸ਼ਨ ਇਕ ਬਹੁਤ ਵੱਡਾ ਸੂਰਜੀ ਊਰਜਾ ਜਨਰੇਟਰ ਤੈਨਾਤ ਕਰ ਸਕਦਾ ਹੈ।'' ਸ਼ੰਘਾਈ ਵਿਚ ਪਹਿਲਾਂ ਹੋਏ ਇਕ ਅੰਤਰਰਾਸ਼ਟਰੀ ਸੰਮੇਲਨ ਵਿਚ ਇਸ ਯੋਜਨਾ ਦੇ ਬਾਰੇ ਵਿਚ ਐਲਾਨ ਕਰਨ ਵਾਲੇ ਪੁਲਾੜ ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਦਿੱਤੀ ਗਈ ਹੈ ਕਿ ਸਟੇਸ਼ਨ ਤੋਂ ਵੱਡੀਆਂ, ਜ਼ਿਆਦਾ ਜਟਿਲ ਖੋਜਾਂ ਅਤੇ ਪ੍ਰਯੋਗ ਕੀਤੇ ਜਾ ਸਕਦੇ ਹਨ। ਚੀਨ ਦੇ ਅਭਿਲਾਸ਼ੀ ਪੁਲਾੜ ਕਾਰਜਕ੍ਰਮ ਵਿਚ ਕਈ ਮਨੁੱਖੀ ਮਿਸ਼ਨ, ਸਥਾਈ ਪੁਲਾੜ ਸਟੇਸ਼ਨ ਦਾ ਨਿਰਮਾਣ ਅਤੇ ਮੰਗਲ ਗ੍ਰਹਿ ਤੱਕ ਪਹੁੰਚਣਾ ਆਦਿ ਸ਼ਾਮਿਲ ਹੈ।